Friday, July 10, 2009

KAVITA DE MARFAT


ਕੁਝ ਰਚਨਾਵਾਂ ਪੁਸਤਕ 'ਚੋਂ

ਮੈਂ ਤੋਂ ਖੁਦ ਤੀਕ

ਮੈਂ ਆਪਣੀ ਇਕੱਲ ਸੰਗ

ਨਿਕਲ ਤੁਰੀ ਸਾਂ

ਲੰਬੀ, ਖਾਮੋਸ਼ ਯਾਤਰਾ 'ਤੇ

ਹੁਣ ਪਰਤੀ ਹਾਂ

ਅਪੇ ਕੋਲ...ਨਜ਼ਮਾਂ ਕੋਲ

ਕਿੰਨੀਆਂ ਹੀ

ਭਟਕਣਾਂ, ਵਲਗਣਾਂ

ਤੇ ਉਲੰਘ ਕੇ

ਕਿੰਨੇ ਹੀ ਰਹੱਸ

ਜਾਣਿਆ ਹੈ

ਚੱਪਾ ਕੁ ਸੱਚ-

"ਮੈਂ ਤੋਂ ਆਪੇ ਤੱਕ ਵੀ

ਹੈ ਇਕ ਸਫ਼ਰ

ਕਿੰਨਾ ਕੁਝ ਸਿੱਖਦਾ

ਆਪੇ ਤੋਂ ਮਨੁੱਖ

ਅੰਦਰ ਹੀ ਅੰਦਰ

ਹੋਵੇ ਇਕ ਲੋਅ

ਮੈਂ ਤੇ ਆਪਾ

ਹੋਈਏ ਜਿਵੇਂ ਦੋ

ਮਿਰਗ ਅੰਦਰ

ਕਸਤੂਰੀ ਦੀ ਖ਼ੁਸ਼ਬੋ..."

ਉਲੰਘ ਕੇ

ਕਿੰਨੇ ਹੀ ਰਹੱਸ

ਜਾਣਿਆ ਹੈ

ਇਹ ਚੱਪਾ ਕੁ ਸੱਚ!


ਖ਼ੁਸ਼ਆਮਦੀਦ

ਮੈਂ ਹਾਂ ਕਵਿਤਾ

ਤੇਰੇ ਦੁਆਰ ਖੜ੍ਹੀ

ਕਿੰਨੇ ਹੀ ਸ਼ਬਦ ਨੇ

ਮੇਰੇ ਕਟੋਰੇ 'ਚ

ਜੋ ਲੈ ਆਈ ਹਾਂ ਤੇਰੇ ਕੋਲ

ਤੈਨੂੰ ਤਾਂ ਬਲ ਹੈ

ਲਿਬਾਸ ਪਹਿਨਣ ਦਾ

ਬੜਾ ਕੁਝ ਓੜਨ ਦਾ, ਸਾਂਭਣ ਦਾ

ਤੂੰ ਇਹ ਸਭ ਸਾਂਭ ਲੈ

ਤੇ ਖਾਲੀ ਕਰ ਦੇ

ਮੇਰਾ ਇਹ ਕਟੋਰਾ...

ਮੇਰਾ ਸਫ਼ਰ ਹਮੇਸ਼ਾਂ ਹੀ

ਮੇਰੇ ਮਨ ਦੀ ਦਹਿਲੀਜ਼ ਤੋਂ

ਤੇਰੇ ਦਰ ਤੀਕਰ ਹੁੰਦਾ

ਤੇ ਹਲਕੀ ਹੋ ਮੁੜ ਪੈਂਦੀ

ਆਪਣੇ ਦੁਆਰ ਵੱਲ

ਲੋਕਾਂ ਨੂੰ ਝੋਲੀਆਂ

ਭਰਨਾ ਪਸੰਦ ਏ

ਪਰ ਮੈਨੂੰ

ਤੇਰੇ ਕੋਲ ਆ ਖ਼ਾਲੀ ਹੋਣਾ

ਅੰਤਾਂ ਦਾ ਸਕੂਨ ਦਿੰਦਾ

ਮੈਂ ਦੁਖਦਾਈ ਸ਼ਬਦ...

ਕੌੜੇ ਬੋਲ...

ਤੜਪਦੇ ਹਰਫ਼...

ਤਲਖ਼ ਤਜੁਰਬੇ...

ਲੈ ਆਉਂਦੀ ਹਾਂ ਤੇਰੇ ਕੋਲ

ਤੇ ਤੂੰ ਹਮੇਸ਼ਾਂ ਹੀ

ਮੈਨੂੰ ਖ਼ੁਸ਼ਆਮਦੀਦ ਆਖ

ਸਮੋ ਲੈਂਦੀ ਏਂ ਆਪਣੇ ਅੰਦਰ

ਕਈ ਵਾਰ ਸੋਚਦੀ ਹਾਂ

ਜੇ ਤੇਰਾ ਦਰ ਵੀ ਨਾ ਹੋਵੇ

ਤਾਂ ਕਿਸ ਰਿਖ਼ੀ ਦਾ

ਦਰ ਖੜਕਾਵਾਂ

ਜੋ ਮੇਰੇ ਸਾਰੇ

ਆਹਿਸਾਸਾਂ, ਜਜ਼ਬਾਤਾਂ ਨੂੰ

ਖੁਸ਼ਆਮਦੀਦ ਆਖੇ ! ?!


ਨਜ਼ਮਾਂ ਆਉਂਦੀਆਂ

ਨਜ਼ਮਾਂ ਆਉਂਦੀਆਂ

ਪੰਛੀ ਬਣਦੀਆਂ

ਪੋਟਿਆਂ 'ਤੇ ਬਹਿੰਦੀਆਂ

ਕਲਮਾਂ 'ਚ ਲਹਿੰਦੀਆਂ

ਮਨ ਦੇ ਬਨੇਰੇ ਤੋਂ

ਕਦੇ ਫ਼ੁਰਰ ਉੱਡ ਜਾਂਦੀਆਂ...

ਨਜ਼ਮਾਂ ਆਉਂਦੀਆਂ

ਸਾਜ਼ ਬਣਦੀਆਂ

ਉਂਗਲਾਂ ਹਿੱਲਦੀਆਂ

ਤਾਰਾਂ ਛਿੜਦੀਆਂ

ਡੂੰਘੇ ਪਾਣੀ ਹਿੱਲਦੇ

ਤਰੰਗਾਂ ਬਣਦੀਆਂ

ਸਮੁੰਦਰਾਂ ਤੀਕ ਫ਼ੈਲ ਜਾਂਦੀਆਂ...

ਨਜ਼ਮਾਂ ਆਉਂਦੀਆਂ

ਹੋਠਾਂ 'ਤੇ ਨੱਚਦੀਆਂ

ਜ਼ਿਹਨ 'ਚ ਥਿੜਕਦੀਆਂ

ਧੜਕਣਾਂ ਰਿੜਕਦੀਆਂ

ਲੋਕ ਬੋਲ ਬਣਦੀਆਂ

ਮਨਾਂ 'ਚ ਲਹਿ ਜਾਂਦੀਆਂ

ਬੜਾ ਕੁਝ ਕਹਿ ਜਾਂਦੀਆਂ

ਨਜ਼ਮਾਂ ਆਉਂਦੀਆਂ

ਸੁੱਚ ਦਿੰਦੀਆਂ

ਮੁਹੱਬਤਾਂ ਵੰਡਦੀਆਂ

ਮਹਿਕਾਂ ਖਿੰਡਦੀਆਂ

ਕੋਲੋਂ ਲੰਘਦੀਆਂ

ਕਾਇਨਾਤ 'ਚ ਸਮਾ ਜਾਂਦੀਆਂ

ਇਹ ਪੂਰੀ ਕੁਦਰਤ ਹੀ ਹੋ ਜਾਂਦੀਆਂ...

ਨਜ਼ਮਾਂ ਜਦ ਵੀ ਆਉਂਦੀਆਂ

ਇਹ ਜ਼ਿੰਦਗੀ ਬਣ ਜਾਂਦੀਆਂ

ਇਹ ਜ਼ਿੰਦਗੀ ਬਣ ਜਾਂਦੀਆਂ

ਨਜ਼ਮਾਂ ਜਦ ਵੀ ਆਉਂਦੀਆਂ।


ਤ੍ਰਿਪਤੀ

ਕਣੀਆਂ ਉੱਤਰੀਆਂ

ਮਿੱਟੀ ਮਹਿਕੀ

ਮਨ ਦੀ ਤਨ ਦੀ

ਫ਼ੈਲੀ ਸੁਗੰਧ

ਕਣ-ਕਣ, ਰੋਮ-ਰੋਮ, ਤੇਰੀ ਹੋਂਦ

ਹਵਾ ਚੱਲੀ, ਰੁੱਤ ਟਹਿਕੀ

ਫੁੱਲ ਖਿੜੇ

ਪੱਤਿਆਂ ਦੇ ਗੀਤ ਛਿੜੇ

ਮੇਰੇ ਅੰਦਰ ਵੀ ਹੈ ਕੁਦਰਤ

ਝਰਨੇ ਵਗਣ, ਤਾਰੇ ਜਗਣ

ਸੂਰਜ ਦਗਣ

ਚੰਨ ਹੱਸੇ, ਦਿਲ ਵਿਚ ਵੱਸੇ

ਦੇਹੀ ਨੱਚੇ

ਕਲਾ ਜਾਗੇ

ਮੁਦਰਾਵਾਂ ਰਚੇ

ਖੋਲ੍ਹੇ ਬਾਹਾਂ

ਭਰੇ ਅਕਾਸ਼

ਵਾਂਗ ਸਮੁੰਦਰ

ਡੂੰਘਾ ਅਹਿਸਾਸ...

........................

ਮੇਰੇ ਮਨ ਦੀ ਸਿੱਪੀ

ਤੇਰੇ ਇਸ਼ਕ ਦਾ ਮੋਤੀ

ਰਹੀ ਨਾ ਕੋਈ ਹੋਰ ਪਿਆਸ


ਕਵਿਤਾ ਦੇ ਮਾਰਫ਼ਤ

ਇਕਾਂਤ 'ਚ ਹੁੰਦੀ

ਮੈਂ ਸਹਿਜ ਰਹਿੰਦੀ

ਕਵਿਤਾ ਅਉਂਦੀ

ਠੁਮਕ ਠੁਮਕ

ਹੱਥਾਂ ਨੂੰ ਛੂੰਹਦੀ

ਕਾਗਜ਼ਾਂ 'ਤੇ ਤੁਰਦੀ

ਮਨ 'ਚ ਲਹਿੰਦੀ

ਕਈ ਕੁਝ ਕਹਿੰਦੀ

ਰੁੱਤਾਂ ਬਾਰੇ

ਮਨੁੱਖਾਂ ਬਾਰੇ

ਬਿਰਖ਼ਾਂ ਬਾਰੇ

ਪਿਰਤਾਂ ਬਾਰੇ

ਅਡੋਲ ਪਾਣੀਆਂ ਨੂੰ ਵੇਂਹਦੀ

ਮੈਂ ਸਹਿਜ ਰਹਿੰਦੀ

ਕੋਈ ਆਉਂਦਾ

ਮਨ ਅੰਦਰ ਵਾਵਰੋਲਾ ਉੱਠਦਾ

ਤੂਫ਼ਾਨ ਜਿਹਾ ਸ਼ੋਰ ਮੱਚਦਾ

ਪਾਣੀ 'ਚ ਆ ਪੱਥਰ ਸੁੱਟਦਾ

ਮੇਰਾ ਤੇ ਕਵਿਤਾ ਦਾ

ਰਾਬਤਾ ਟੁੱਟ ਜਾਂਦਾ

ਸੰਵਾਦ ਮੁੱਕ ਜਾਂਦਾ


ਫੁੱਲਕਾਰੀ

ਜੀਵਨ ਦਾ ਜੋ ਕਾਲਾ ਰੰਗ

ਮੇਰੇ ਹਿੱਸੇ ਆਇਆ

ਉਸ ਉੱਤੇ ਵੀ ਕੱਢ ਦਿੱਤੀ

ਮੈਂ ਮੁਹੱਬਤ ਦੀ ਫੁੱਲਕਾਰੀ

ਤੇ ਭਰ ਦਿੱਤੇ ਸੂਹੇ ਰੰਗ...


ਹਰਫ਼ ਹਰਫ਼ ਕਵਿਤਾ

ਉਹ ਜਦ

ਉਦਾਸ ਹੋ ਜਾਵੇ

ਕਵਿਤਾ ਕੋਲ ਆਵੇ

ਹਾਣ ਦੇ ਆਪਣੇ

ਸ਼ਬਦ ਚੁਣੇ

ਮੋਤੀ ਆਖੇ

ਮਨ ਦੇ ਆਪਣੇ

ਨੇੜੇ ਲਾਵੇ

ਹਾਰ ਬਣਾਵੇ

ਗਲ਼ ਵਿਚ ਪਾਵੇ

ਬਿਰਹੋਂ ਨੂੰ ਉਹ

ਸੀਨੇ ਲਾਵੇ

ਦਰਦ ਸੁਣਾਵੇ

ਉਡੀਕ ਬਣ ਜਾਵੇ...

ਕਵਿਤਾ ਉਸ ਅੰਦਰ ਉੱਤਰੇ

ਜਾਂ ਕਵਿਤਾ ਅੰਦਰ

ਉਹ ਉੱਤਰ ਜਾਵੇ

ਸਮਝ ਨਾ ਪਾਵੇ

ਜਦ ਵੀ ਉਹ

ਉਦਾਸ ਹੋ ਜਾਵੇ

ਕਵਿਤਾ ਕੋਲ ਆਵੇ


To read the book click on the following link:-
http://digital.vidhapunjabi.in/nandan1.html

1 comment:

Rajesh Kumar Sharma said...

simple, gleaming like pearls, felt.