ਕੁਝ ਕੁ ਨਜ਼ਮਾਂ
ਮੈਂ ਤੇ ਸਾਹਿਲ 'ਤੇ ਖੜ੍ਹਾ ਮਲਾਹ
ਜਦ ਮੈਂ ਆਪਣੇ ਅੰਦਰ ਦਾ
ਤੂਫ਼ਾਨ ਠੱਲ੍ਹਣਾ ਚਾਹਿਆ
ਤਾਂ ਮੇਰੇ ਕਦਮ
ਖ਼ੁਦ-ਬ-ਖ਼ੁਦ
ਸਮੁੰਦਰ ਵੱਲ ਹੋ ਤੁਰੇ
ਸਾਹਿਲ 'ਤੇ ਖੜ੍ਹਾ ਮਲਾਹ
ਬੇੜੀ ਠੇਲ੍ਹਦਿਆਂ ਹੀ
ਚੱਪੂ ਚਲਾਉਂਦਿਆਂ ਅਚਾਨਕ
ਮੇਰੀਆਂ ਨਜ਼ਮਾਂ 'ਚੋ
ਤਲਾਸ਼ਣ ਲੱਗ ਪਿਆ
ਆਪਣੇ ਹਾਣ ਦੇ ਸੁਪਨੇ...
ਖ਼ਬਰੇ ਉਹਨੂੰ ਕਿਵੇਂ
ਪਤਾ ਲੱਗ ਗਿਆ ਕਿ ਇਹ (ਸੁਪਨੇ)
ਆਪਣੀਆਂ ਪਲਕਾਂ ਚ ਸਾਂਭ ਕੇ
ਲਿਆਈ ਹਾਂ ਸਿਰਫ਼ ਉਸੇ ਲਈ
ਫਿਰ ਹਰ ਬਾਤ ਅਣਸੁਣੀ, ਅਣਕਹੀ
ਬਿਨਾਂ ਬੋਲਿਆਂ ਹੀ
ਸਾਡੇ ਧੁਰ ਅੰਦਰ ਲੱਥ ਗਈ
ਤੇ ਅਸੀਂ
ਇਕ ਦੂਜੇ ਦੀਆਂ ਨਜ਼ਰਾਂ 'ਚੋਂ
ਆਪਣੇ ਆਪਣੇ ਹਿੱਸੇ ਦੇ
ਮੋਤੀ ਲੱਭਦੇ ਰਹੇ...
..................
ਇਕ ਬੇੜੀ ਚ ਸਵਾਰ
ਪੂਰੀ ਉਮਰ ਅਸੀਂ
ਕਿਨਾਰੇ ਦੀ ਤਲਾਸ਼ 'ਚ...ਭਟਕਦੇ ਰਹੇ।
ਮੁੱਦਤ ਦੇ ਬਾਅਦ
ਇਕ ਮੁੱਦਤ ਦੇ ਬਾਅਦ
ਜਦ ਆਵੋਗੇ ਤੁਸੀਂ
ਤਾਂ ਮੇਰੇ ਇੰਤਜ਼ਾਰ ਦਾ ਰੰਗ
ਚਾਂਦੀ ਬਣ
ਮੇਰੇ ਵਾਲਾਂ ਚ ਭਰ ਚੁੱਕਾ ਹੋਵੇਗਾ
ਮੈਂ ਖੋਲ੍ਹਾਂਗੀ ਦਰਵਾਜ਼ਾ
ਆਪਣੀਆਂ ਅੱਖਾਂ 'ਤੇ ਲੱਗੀ
ਐਨਕ ਨੂੰ ਠੀਕ ਕਰਦਿਆਂ
ਝਾਕਾਂਗੀ ਮੋਟੇ ਸ਼ੀਸ਼ਿਆਂ ਵਿਚੋਂ
ਤਾਂ ਕਿਰ ਜਾਣਗੇ
ਪੂਰੇ ਦੇ ਪੂਰੇ ਵਰ੍ਹੇ ਅੱਖਾਂ ਥਾਣੀਂ
ਮੇਰੇ ਝੁਰੜੀਆਂ ਭਰੇ ਚਿਹਰੇ 'ਤੇ
ਤੇਰੀ ਛੋਹ
ਯਾਦਾਂ ਦੇ ਸਮੁੰਦਰ ਦੀਆਂ
ਉਨ੍ਹਾਂ ਗਹਿਰਾਈਆਂ ਚਲੈ ਜਾਏਗੀ ਸਾਨੂੰ
ਜਿੱਥੇ ਉਮਰਾਂ ਦੇ ਵਰ੍ਹੇ ਤੇ ਤਾਰੀਖ਼ਾਂ
ਬਦਲਣ ਤੋਂ ਸਿਵਾਏ
ਹੋਰ ਕੁਝ ਨਹੀਂ ਬਦਲਿਆ ਹੋਵੇਗਾ
ਤਦ ਵੀ ਅਸੀਂ
ਆਪਣੇ ਅੰਤਰੀਵ ਤੋਂ
ਇਕ ਦੂਜੇ ਦੇ ਓਨਾਂ ਹੀ ਨੇੜੇ ਹੋਵਾਂਗੇ
ਜਿੰਨਾ ਕਿ
ਵਿਛੜਨ ਲੱਗਿਆਂ
ਇਕ ਮੁੱਦਤ ਪਹਿਲਾਂ ਸੀ....।
ਇਕ ਦਿਨ ਮੈਂ
ਲਿਖਦਿਆਂ ਲਿਖਦਿਆਂ
ਪੁੱਛਿਆ ਨਜ਼ਮ ਨੂੰ
"ਕਿਉਂ ਨਹੀਂ ਤੂੰ
ਚੇਤਿਆਂ 'ਚੋਂ
ਵਿਸਾਰ ਦਿੰਦੀ ਉਸ ਨੂੰ..."
ਤਾਂ ਨਜ਼ਮ ਦੇ ਹੋਂਠ ਕੰਬੇ
ਜਜ਼ਬਾਤ ਪਿਘਲੇ
ਅੱਖਾਂ ਛਲਕੀਆਂ
ਉਮਰਾਂ ਦੇ ਵਰ੍ਹੇ
ਵਾਵਰੋਲਿਆਂ ਵਾਂਗ ਉੱਡੇ
ਮਨ ਦਾ
ਰੇਗਿਸਤਾਨ ਤਪਿਆ
ਪੈਰਾਂ ਹੇਠੋਂ
ਜ਼ਮੀਨ ਖਿਸਕੀ
ਤੇ ਨਜ਼ਮ ਦੀਆਂ
ਸਵਾਲੀਆ ਨਜ਼ਰਾਂ 'ਚੋਂ
ਜਵਾਬ ਮਿਲਿਆ-
"ਕੀ
ਤੂੰ
ਚੇਤਿਆਂ 'ਚੋਂ
ਵਿਸਾਰ ਦਿੱਤਾ ਏ ਉਸਨੂੰ...?"
ਤਾਂ ਮੈਂ...
.............
ਨਿਰ-ਉੱਤਰ ਹੋ ਗਈ...।
ਨਦੀ ਤੇ ਸਮੁੰਦਰ
ਬੜਾ ਔਖਾ ਹੈ
ਕਿਸੇ ਪਿਆਰ 'ਚ ਵਹਿੰਦੀ
ਨਦੀ ਨੂੰ ਆਖਣਾ
ਕਿ ਹੁਣ
ਤੂੰ ਆਪਣਾ ਵਹਾਅ
ਮੋੜ ਲੈ ਕਿਸੇ ਪਾਸੇ ਹੋਰ
ਉਹ ਸਮੁੰਦਰ
ਜਿਸ 'ਚ ਜਾ ਤੂੰ
ਰਲਣਾ ਸੀ ਇਕ ਦਿਨ
ਉਹ ਤਾਂ
ਕਦੋਂ ਦਾ ਸੁੱਕ ਗਿਆ...
.............................
ਹੁਣ ਤਾਂ ਰਹਿ ਗਿਆ ਉੱਥੇ
ਸਿਰਫ਼ ਇਕ ਮਾਰੂਥਲ
ਤੇ ਬੜਾ ਔਖਾ ਹੈ
ਤਪਦੇ ਥਲਾਂ 'ਚ
ਨੰਗੇ ਪੈਰੀਂ
ਮ੍ਰਿਗਤ੍ਰਿਸ਼ਨਾ ਸਹਾਰੇ
ਤ੍ਰਿਹਾਈਆਂ ਨਜ਼ਰਾਂ ਨਾਲ
ਸਦੀਆਂ ਲੰਬੀ ਵਾਟ ਤੁਰਨਾ
ਤੇ ਤੁਰਦਿਆਂ ਤੁਰਦਿਆਂ
ਮੋਈਆਂ ਸੱਧਰਾਂ ਉੱਪਰ
ਤਾਜ਼ੀਆਂ, ਜੀਵਨ ਭਰਪੂਰ
ਹਰੇ ਸਮੁੰਦਰ ਵਰਗੀਆਂ
ਲਰਜ਼ਦੀਆਂ ਨਜ਼ਮਾਂ ਲਿਖਣਾ
.............................
ਸੱਚਮੁੱਚ ਬੜਾ ਔਖਾ ਹੈ
ਦਿਸਹੱਦਿਆਂ ਤੋਂ ਪਾਰ
ਜੇ ਤੁਸਾਂ
ਚਲੇ ਹੀ ਜਾਣਾ ਸੀ
ਕੁਝ ਕੁ ਕਦਮਾਂ ਦੇ
ਬਣ ਹਮਸਫ਼ਰ
ਤਾਂ ਮੇਰੇ ਮਨ ਦੀਆਂ
ਹਨੇਰੀਆਂ ਕੰਦਰਾਂ 'ਚ
ਰਿਸ਼ਮਾਂ ਬਣ ਕਿਉਂ
ਆਉਂਦੇ ਰਹੇ ਵੰਡਣ
ਮੋਹ ਦਾ ਚਾਨਣ?
ਤੇ ਮੇਰੇ ਸੁਪਨਿਆਂ ਅੰਦਰ
"ਦਿਸਹੱਦਿਆਂ ਤੋਂ ਪਾਰ
ਮੁਹੱਬਤ ਦੇ ਅੰਬਰੋਂ
ਤੋੜ ਕੇ ਸਿਤਾਰੇ
ਝੋਲੀ ਮੇਰੀ ਪਾ
ਇਕ ਧਰਤੀ ਦੇ
ਆਦਿ ਤੋਂ....
ਦੂਜੀ ਧਰਤੀ ਦੇ
....ਅੰਤ ਤੀਕ
ਕਿਉਂ ਕਰਦੇ ਰਹੇ ਪਰਿਕਰਮਾ?"
ਜੇ ਤੁਸਾਂ
ਚਲੇ ਹੀ ਜਾਣਾ ਸੀ ਤਾਂ....?
ਇਕ ਦੂਜੇ ਦੇ ਸਨਮੁੱਖ
ਪ੍ਰੇਮ ਸਾਗਰ ਦਾ
ਹਰ ਕਤਰਾ
ਭਰ ਆਪਣੇ ਦਿਲ ਅੰਦਰ
ਜਦ ਵੀ ਮੈਂ
ਆ ਖਲੋਈ ਤੁਹਾਡੇ ਸਨਮੁੱਖ
ਤੇ ਕਰਨਾ ਚਾਹਿਆ
ਪੂਰੇ ਦਾ ਪੂਰਾ
ਸਾਗਰ ਅਰਪਿਤ
ਤਾਂ ਤੁਸੀਂ ਨਿਰਮੋਹੀ ਹੋ
ਅਭਿੱਜ ਹਿਰਦੇ ਸੰਗ
ਗਹਿਰਾਈਆਂ ਤੋਂ
ਉਚਾਣਾਂ ਦੀਆਂ ਟੀਸੀਆਂ
ਵੱਲ ਹੋ ਤੁਰੇ...
ਤੇ ਜਦ ਮੈਂ
ਕਰਨਾ ਚਾਹਿਆ
ਪ੍ਰੇਮ ਬੰਧਨ ਤੋਂ
ਤੁਹਾਨੂੰ ਮੁਕਤ
ਤਾਂ ਤੁਸੀਂ ਉਚਾਣਾਂ ਦੀਆਂ
ਟੀਸੀਆਂ ਤੋਂ
ਆਪਣੇ ਮਨ ਦੀਆਂ
ਗਹਿਰਾਈਆਂ ਤੱਕ
ਪੂਰੇ ਦੇ ਪੂਰੇ
ਮੋਹੀ ਬੋਲਾਂ 'ਚ ਭਿੱਜੇ
ਆ ਖਲੋਏ ਮੇਰੇ ਸਨਮੁੱਖ
ਤੇ ਮੈਂ
ਅੱਜ ਤਾਈਂ ਨਹੀਂ
ਸਮਝ ਸਕੀ
ਕਿ ਸਾਡੇ ਵਿਚ
ਹੈ ਕੇਹਾ ਇਹ ਰਿਸ਼ਤਾ
ਤੇ ਕੇਹੀ ਇਹ ਵਿਡੰਬਨਾ....?
ਪਿਆਰ
ਜਦ ਵੀ ਉਹ
ਆਪਣੇ ਦਿਲ ਦੇ
ਤਾਨਪੁਰੇ 'ਤੇ
ਛੇੜਦੀ ਹੈ
ਮੁਹੱਬਤ ਦੀਆਂ ਤਾਰਾਂ
ਤੇ ਅਲਾਪਦੀ ਹੈ
ਕੋਈ ਪ੍ਰੇਮ ਗੀਤ
ਤਾਂ ਉਸਦਾ ਪ੍ਰੀਤਮ
ਅਛੋਪਲੇ ਜਿਹੇ
ਉਸਦਾ ਹੱਥ ਫੜ ਆਖਦਾ ਹੈ-
"ਤਾਨਪੁਰਾ ਰੂਹ ਦੀ ਖ਼ੁਰਾਕ ਹੈ
ਢਿੱਡ ਦੀ ਨਹੀਂ..."
ਤਾਂ ਉਹ
ਉਸਦੀ ਭੁੱਖ ਸ਼ਾਂਤ ਕਰਨ ਲਈ
ਰੱਖਦੀ ਹੈ ਗਿਰਵੀ
ਆਪਣਾ ਗਰਭ
ਤੇ ਦਿੰਦੀ ਹੈ
ਰੋਟੀ ਨੂੰ ਜਨਮ
......................
ਉਸਦਾ ਮਹਿਬੂਬ
ਆਪਣੀਆਂ ਸੋਚਾਂ 'ਚ
ਭਰਦਾ ਹੈ ਸਵਾਲ
"ਕਿਹੋ ਜਿਹੀ ਹੈ
ਇਹ ਔਰਤ
ਜੋ ਸਾਲਾਂ ਤੋਂ
ਭੁੱਖੀ ਪਿਆਸੀ
ਹਰ ਰੋਜ਼ ਅਲਾਪਦੀ ਹੈ
ਪ੍ਰੇਮ ਗੀਤ
ਕੀ ਇਹਨੂੰ
ਭੁੱਖ ਨਹੀਂ ਲੱਗਦੀ...?"
ਕੁੜੀ ਤੇ ਅਗਨ
ਤੇਰੇ ਹੱਥਾਂ 'ਚ
ਰੁਸ਼ਨਾਉਂਦੇ ਤਾਰੇ ਵੇਖ
ਉਸ ਕੁੜੀ ਨੇ
ਆਪਣੀ ਬੁੱਕਲ ਵਿਚਲੀ ਬਰਫ਼ ਨੂੰ
ਭਖਦਾ ਸੂਰਜ ਬਣਾ ਲਿਆ
ਉਹ ਨਹੀਂ ਲੈਂਦੀ ਸੁਪਨੇ
ਠੰਢੀਆਂ ਛਾਵਾਂ ਦੇ
ਸ਼ੀਤ ਹਵਾਵਾਂ ਦੇ
ਨਾ ਹੀ ਚਾਹੁੰਦੀ ਉਹ
ਸਾਉਣ ਮਹੀਨੇ
ਬਣ ਮੋਰਨੀ ਨੱਚਣਾ
ਤੇ ਕੋਇਲ ਵਾਂਗ ਕੂਕਣਾ
ਉਹ ਤਾਂ ਚਾਹੁੰਦੀ ਹੈ
ਤਪਦੇ ਥਲਾਂ ਦੀ ਵਾਟ ਤੁਰਨਾ
ਤੇ ਮਚਦੇ ਅੰਗਿਆਰਾਂ ਨੂੰ
ਮੁੱਠੀਆਂ 'ਚ ਭਰਨਾ
...........................
ਖ਼ਬਰੇ ਅਗਨ ਨਾਲ ਕਿਉਂ
ਏਨਾ ਮੋਹ ਹੈ ਉਸਨੂੰ...?
ਪੈਰ
ਅਕਸਰ ਲੋਕ
ਮੰਗਦੇ ਨੇ ਦੁਆ
ਕਿ ਸ਼ੁਕਰ ਹੈ
ਪੈਰ ਤਾਂ ਸਲਾਮਤ ਨੇ
ਔਖੇ ਪੰਧ ਕੱਟਣ ਲਈ
ਪਰ ਮੈਂ
ਕਦੇ ਨਹੀਂ ਮੰਗੀ
ਪੈਰਾਂ ਦੀ ਖ਼ੈਰ
ਕੀ ਕਰੋਗੇ ਪੈਰਾਂ ਦਾ?
ਜੇ ਪੰਧ ਹੀ ਮੁੱਕ ਗਏ
ਵਾਟਾਂ ਹੀ ਰੁੱਸ ਗਈਆਂ
ਸਫ਼ਰ ਹੀ
ਦਿਸ਼ਾਹੀਣ ਹੋ ਗਏ
ਮੰਜ਼ਿਲ ਹੀ ਨਾ ਰਹੀ
.......................
.....................
....................
ਮੈਂ ਮੰਗਦੀ ਹਾਂ ਸਲਾਮਤੀ
ਸੋਚਾਂ ਦੀ
ਵਿਚਾਰਾਂ ਦੀ
ਕਲਮਾਂ ਦੀ
ਕਿ ਸ਼ੁਕਰ ਹੈ
ਕੁਝ ਤਾਂ ਹੈ
ਭਟਕੇ ਇਨਸਾਨਾਂ ਨੂੰ
ਰਸਤਾ ਦਿਖਾਉਣ ਲਈ...।
2 comments:
these are so realistic that these are directly read and understood by heart...eyes, brain stands no-where...
inderjeet i read some of ur poems really i felt it is me who is ur words poems looked like me u have great depth of reality i loved it sach likhna bahot aukha hai wich u did salaute to u i wish i could read u more
Post a Comment