
ਪੁਸਤਕ 'ਚੋਂ ਕੁਝ ਰਚਨਾਵਾਂ
ਮੁਲਾਕਾਤ
ਤੂੰ ਚੰਨ ਕੋਲ ਬੈਠ
ਬਾਂਸਰੀ ਵਜਾਈਂ
ਮੈਂ ਰਿਸ਼ਮਾਂ ਦੀ ਲੋਏ
ਕਵਿਤਾ ਲਿਖਾਂਗੀ....
ਕਵਿਤਾ 'ਚ ਜ਼ਿਕਰ ਕਰਾਂਗੀ
ਰਾਤੀਂ ਵੇਖੇ ਸੁਪਨੇ ਦਾ
ਸੁਪਨੇ 'ਚ ਆਈਆਂ
ਪੰਖੜੀਆਂ ਦਾ
ਜਿਨ੍ਹਾਂ ਮੈਨੂੰ ਇੰਝ ਛੋਹਿਆ
ਕਿ ਵੱਜ ਉੱਠੇ ਸਾਜ਼
ਕੱਸੀਆਂ ਗਈਆਂ ਤਾਰਾਂ
ਵਹਿ ਤੁਰਿਆ ਸੰਗੀਤ
ਅਨਹਦ ਨਾਦ.....
......................
ਬਾਂਸੁਰੀ 'ਚੋਂ ਨਿਕਲੇ ਸੁਰ
ਤੁਰਨ ਲੱਗੇ
ਮੇਰੇ ਕਾਗਜ਼ਾਂ ਉੱਪਰ
ਕਵਿਤਾ ਦੇ ਹਰਫ਼ਾਂ ਨਾਲ
ਹੋ ਇਕ ਮਿੱਕ
ਕਰਨ ਲੱਗ ਪਏ ਨਿ੍ਤ
ਤੂੰ ਚੰਨ ਦੀ ਬਾਹੀ ਕੋਲੋਂ
ਉੱਠ ਖਲੋਇਆ
ਤੇ ਮੈਂ ਵੀ ਇਕ ਪਾਸੇ
ਧਰ ਦਿੱਤੀ ਕਲਮ....
ਤਾਰੇ ਚਾਨਣ ਨਾਲ
ਲੁਕਣ ਮੀਟੀ ਖੇਡਦੇ
ਹੋ ਗਏ ਅਲੋਪ
ਚੰਨ ਵੀ ਸਰਕਦਾ-ਸਰਕਦਾ
ਜਾ ਲੁਕਿਆ
ਪ੍ਰਭਾਤ ਦੇ ਆਗੋਸ਼ 'ਚ
ਬੀਤ ਗਿਆ ਰਾਤ ਦਾ
ਆਖ਼ਿਰੀ ਪਹਿਰ
ਬਾਂਸੁਰੀ ਨੇ ਪੁੱਛਿਆ ਕਲਮ ਨੂੰ
"ਕੀ ਅੱਜ ਰਾਤ ਵੀ
ਹੋਏਗੀ ਮੁਲਾਕਾਤ...?"
ਬੂਹਾ-੧
ਬਲਦੇ ਦੀਪ ਵੱਲ
ਨਿਹਾਰਦਾ ਹਾਂ
ਉਡੀਕ ਨੂੰ ਅੱਖਾਂ 'ਚ
ਉਤਾਰਦਾ ਹਾਂ
ਸ਼ਾਇਦ ਉਹ
ਆ ਹੀ ਜਾਏਗੀ
ਪੌਣਾਂ ਨਾਲ ਰਲ਼ ਕੇ
ਅਛੋਪਲੇ ਜਿਹੇ
ਮਲਕੜੀ ਮੁਸਕਣੀ
ਚਿਹਰੇ 'ਤੇ ਬਿਖ਼ੇਰਦੀ
ਮੈਨੂੰ ਅਚੰਭਿਤ ਕਰਨ
ਬਿਨਾਂ ਦਸਤਕ ਕੀਤਿਆਂ
ਲੰਘ ਆਏਗੀ ਬੂਹਾ
ਜਿਵੇਂ ਕੋਈ ਆਉਂਦਾ ਹੈ
ਆਪਣੇ ਹੀ ਘਰ ਅੰਦਰ...
ਉਡੀਕ ਦੀ ਕੰਨੀ ਛੁੱਟੇਗੀ
ਬਿਰਹਾ ਦੀ ਘੜੀ ਮੁੱਕੇਗੀ
ਮਨ ਦੀ ਖਿੜਕੀ ਖੁੱਲ੍ਹੇਗੀ
ਹੋਏਗਾ ਚਾਨਣ ਚਾਨਣ
ਉਹਦੀਆਂ ਬਾਹਾਂ 'ਚ
ਫ਼ੈਲਿਆ ਸੰਸਾਰ
ਇਵੇਂ ਭਰ ਜਾਏਗਾ
ਹਰ ਸ਼ੈਅ ਅੰਦਰ
ਜਿਵੇਂ ਅੱਖਾਂ 'ਚ
ਭਰ ਜਾਂਦਾ ਸੁਪਨਾ
ਪੌਣ 'ਚ ਘੁਲ ਜਾਂਦੀ ਮਹਿਕ
ਜਿਸਮ 'ਚ ਤੁਰਦੀ ਊਰਜਾ
ਬੂੰਦ ਅੰਦਰ ਸਿਮਟਦਾ ਪਾਣੀ
ਇਵੇਂ ਹੀ ਸਮੇਟ ਲਵਾਂਗਾ ਉਸਨੂੰ
ਮੈਂ ਆਪਣੇ ਅੰਦਰ.....।
ਬੂਹਾ-੨
ਉਹ ਕਿਵੇਂ ਲੰਘ ਆਏਗੀ ਬੂਹਾ
ਬਿਨਾਂ ਦਸਤਕ ਕੀਤਿਆਂ
ਜਿੱਥੇ ਪਹਿਲਾਂ ਹੀ
ਕਿਸੇ ਦੀਆਂ ਪੈੜਾਂ
ਮੌਜੂਦ ਹਨ...
ਅੰਦਰ ਜਗਦਾ ਚਿਰਾਗ
ਘੂਰੀ ਵੱਟੇਗਾ
ਪੁਰਖਿਆਂ ਦੀ
ਮਰਿਆਦਾ ਦੀ
ਗੱਲ ਦੱਸੇਗਾ-
'ਮੀਰਾਂ ਵੀ ਤਾਂ
ਵੈਰਾਗਣ ਸੀ
ਪਰ ਦਹਿਲੀਜ਼ ਤੋਂ ਬਾਹਰ
ਪ੍ਰੇਮ ਗੀਤ ਗਾਉਂਦੀ ਸੀ
ਭਾਉਂਦੀ ਸੀ....'
ਮੀਰਾਂ ਹੋਣ ਲਈ
ਦਰਵਾਜ਼ੇ ਵਰਜਿਤ ਨੇ
ਪੈਂਡੇ ਨੂੰ ਪੈਰੀਂ
ਬੰਨ੍ਹਣਾ ਪੈਂਦਾ
ਤੇ ਅੰਦਰਲਾ ਖ਼ਲਾਅ
ਵਿਗੋਚੇ 'ਚ ਲਿਖੀਆਂ
ਨਜ਼ਮਾਂ ਨਾਲ ਹੀ ਭਰਨਾ ਪੈਂਦਾ.....।
ਜਿਨ ਪ੍ਰੇਮ ਕਿਓ
ਪ੍ਰੇਮ ਦੀ ਇਹ
ਕੇਹੀ ਲੀਲ੍ਹਾ ਹੈ
ਕਿ ਉਡੀਕ ਨਾਲ
ਰਿਸ਼ਤਾ ਪੀਡਾ ਹੈ
ਨਾ ਬਿਰਹੋਂ ਦੀ
ਰੁੱਤ ਮੁੱਕਦੀ ਹੈ
ਨਾ ਸਾਉਣ ਮਹੀਨਾ
ਚੜ੍ਹਦਾ ਹੈ
ਨਾ ਕੋਈ ਮੇਘਲਾ
ਵਰ੍ਹਦਾ ਹੈ
ਪੌਣ ਵੀ ਪਿੰਡਾ
ਲੂੰਹਦੀ ਹੈ
ਮਨ ਦੀ ਤ੍ਰੇਹ
ਹੋਠਾਂ ਤੀਕ ਆਉਂਦੀ ਹੈ
ਦੂਰ ਯੋਗੀ ਦੀ ਕੁਟੀਆ ਹੈ
ਅੰਦਰ ਕੁੰਭ ਧਰਿਆ ਹੈ
ਕੁੰਭੇ ਜਲ਼ ਭਰਿਆ ਹੈ
ਸਿਰਲੱਥ ਪੈਂਡਾ ਝੱਖਿਆ ਹੈ
ਤਾਂ ਕੁਟੀਆ ਦਾ ਦਰ ਲੱਭਿਆ ਹੈ
ਪਰ ਯੋਗੀ ਦੀ ਬਿਰਤੀ ਲੱਗੀ ਹੈ
ਨਾ ਤਪ ਮੁੱਕਦਾ ਹੈ
ਨਾ ਦੁਆਰ ਖੁੱਲ੍ਹਦਾ ਹੈ
ਨਾ ਜਲ਼ ਮਿਲਦਾ ਹੈ...
ਮਨ ਬਿਹਬਲ ਹੈ
ਤੜਪਦਾ ਹੈ
ਜਿਉਂ ਪਪੀਹਾ
ਇਕ ਬੂੰਦ ਨੂੰ
ਤਰਸਦਾ ਹੈ....।
ਕਵਿਤਾ
ਭਾਵੁਕ ਜਿਹੇ ਪਲਾਂ ਦੀ 'ਸੋਚ'
ਸ਼ਬਦਾਂ ਦਾ 'ਨਾਪਤੋਲ'ਅਲੰਕਾਰਾਂ ਦੀ 'ਵਰਤੋਂ '
ਤੇ ਬਿੰਬਾਂ ਦੀ 'ਸਿਰਜਣਾ'
ਤੋਂ ਵੱਧ ਵੀ ਹੈ 'ਕਵਿਤਾ'
ਗੁੜ੍ਹੀ ਰਾਤੇ ਦੇ ਮੱਥੇ 'ਤੇ
ਚੰਮਕਦਾ 'ਚੰਨ'
ਅਸਮਾਨ 'ਤੇ ਪਈ 'ਸਤਰੰਗੀ'
ਮਿੱਟੀ 'ਚੋਂ ਫੁੱਟਦੇ 'ਬੀਜ'
ਅੰਬਾਂ 'ਤੇ ਬੋਲਦੀ 'ਕੋਇਲ'
ਮਾਂ ਦੇ ਸੀਨੇ ਨਾਲ ਲੱਗਿਆ 'ਬਾਲ'
.................................
ਹਰ ਉਹ ਸ਼ੈਅ
ਜਿੱਥੇ ਸਿਰਜਣਾ ਹੈ
ਸੂਖ਼ਮ ਅਹਿਸਾਸ ਹੈ
ਉੱਗਦੇ ਦਿਨ ਜਿਹੀ ਆਸ ਹੈ
ਸੀਨੇ 'ਚ ਧੜਕਦਾ ਸਾਹ ਹੈ
ਮੇਰੇ ਲਈ ਇਹ ਕਵਿਤਾ ਹੈ
ਅਸੀਂ
ਅਸੀਂ ...ਜੋ
ਸਦੀਆਂ ਪਹਿਲਾਂ
ਕਰਕੇ ਆਤਮਘਾਤ
ਹੋ ਗਏ ਸੀ
ਬੁੱਤਾਂ 'ਚ ਤਬਦੀਲ
ਹੁਣ ਫਿਰ ਤੋਂ
ਬਣ ਰਹੇ ਹਾਂ
ਜੀਵਤ ਮਨੁੱਖ!
ਅਸੀਂ...ਜੋ
ਦੁਬਕ ਕੇ ਬੈਠ ਗਏ ਸੀ
ਆਪਣੇ ਘਰਾਂ ਦੀਆਂ
ਉੱਚੀਆਂ ਦੀਵਾਰਾਂ ਅੰਦਰ
ਹੁਣ ਹੱਥਾਂ 'ਚ ਫੜ ਮਸ਼ਾਲਾਂ
ਖੜ੍ਹੇ ਹਾਂ ਤੁਰਨ ਲਈ
ਤਿਆਰ-ਬਰ-ਤਿਆਰ
ਅਸੀਂ...ਜਿਨ੍ਹਾਂ
ਮਹਾਂਭਾਰਤ ਦੇ
ਅੰਦੇਸ਼ੇ ਕਾਰਨ ਹੀ
ਬੰਨ੍ਹ ਲਈ ਸੀ ਅੱਖਾਂ 'ਤੇ ਪੱਟੀ
ਹੁਣ ਮਿਆਨਾਂ 'ਚੋਂ ਕੱਢ ਸ਼ਮਸ਼ੀਰਾਂ
ਤੁਰ ਪਏ ਹਾਂ
ਮਹਾਂਯੁੱਧ ਦੇ ਬਨਣ ਨਾਇਕ
ਅਸੀਂ...ਜਿਨ੍ਹਾਂ
ਬਹੁਤ ਚਿਰ ਹੋਇਆ
ਤਿਆਗ ਦਿੱਤਾ ਸੀ
ਸੂਰਜਾਂ ਦਾ ਮੋਹ
ਹੁਣ ਤਲੀਆਂ 'ਤੇ ਬਾਲ ਦੀਪ
ਲੜ ਰਹੇ ਹਾਂ
ਹਨੇਰਿਆਂ ਖ਼ਿਲਾਫ਼....
ਅਸੀਂ......
ਤੇਰੀ ਕਾਇਆ ਮੇਰੇ ਸ਼ਬਦ (ਲੰਮੀ ਕਵਿਤਾ)
ਖੰਡ-1
1.
ਮੇਰਾ ਮੈਂ
ਆਖ ਰਿਹਾ ਮੈਨੂੰ
ਹੇ ਮਨਾ!
ਧਿਆਨ ਧਰ
ਪੈਰਾਂ ਨਾਲ ਬੰਨ੍ਹ ਸਫ਼ਰ
ਤੁਰਨ ਦੀ ਕਰ
ਦੂਰ ਦੁਮੇਲ ਤੋਂ ਪਾਰ
ਦੁਨੀਆ ਦਾ ਜੋ ਰੰਗ
ਉਸਨੂੰ ਮਾਨਣ ਲਈ ਚੱਲ
ਸਫ਼ਿਆਂ ਉੱਪਰ
ਵਿਛੇ ਪਏ ਯੁੱਗਾਂ ਯੁਗੰਤਰ
ਉਨ੍ਹਾਂ ਯੁੱਗਾਂ ਦੀ
ਕਰਨ ਪਰਿਕਰਮਾ
ਚਲ ਮਨਾ
ਦਿਸਹੱਦੇ ਤੋਂ ਪਾਰ
ਅੱਖਰਾਂ ਦਾ ਸੰਸਾਰ
ਕਰ ਰਿਹਾ ਇੰਤਜ਼ਾਰ...।
2.
ਕਦਮਾਂ ਹੇਠ
ਪੈਂਡਾ-ਦਰ-ਪੈਂਡਾ
ਘਣਾ ਜੰਗਲ ਬੇਲਾ
ਸੁਰਮਈ ਨਦੀਆਂ
ਸਮੁੰਦਰ ਵੱਲ ਸਫ਼ਰ
ਸਮੁੰਦਰੋਂ ਤੁਰ ਕੇ
ਮਾਰੂਥਲ ਪਾਰ ਕਰ
ਆ ਪਹੁੰਚਿਆ
ਦਿਸਹੱਦੇ ਤੀਕਰ...
ਹਰਫ਼-ਹਰਫ਼
ਨਜ਼ਮ-ਨਜ਼ਮ
ਸ਼ਬਦਾਂ ਦਾ ਫੈਲਿਆ ਸੰਸਾਰ...
3.
ਹੇ ਮੁਨੀਵਰ! ਸਵਾਗਤ ਹੈ
ਸ਼ਬਦਾਂ ਦੇ ਦੁਆਰ
ਉਸ ਦੁਨੀਆਂ ਤੋਂ ਆਏ ਹੋ
ਇਸ ਪਾਰ
ਅਸੀਂ ਸਿਰਜਾਂਗੇ ਤੇਰੇ ਅੱਗੇ
ਇਕ ਨਵਾਂ ਸੰਸਾਰ
ਸਾਡੇ ਅੰਦਰ ਛੁਪੇ ਬੈਠੇ
ਕਈ ਰੰਗ- ਹਜ਼ਾਰ
ਇਹ ਤੇਰੀ ਬੁੱਧੀ ਉੱਪਰ
ਹਰ ਸ਼ੈਅ ਨਿਰਭਰ
ਤੂੰ ਕੀ ਖੋਜੇਂ
ਸਾਡੇ ਅੰਦਰੋਂ
ਤਿਤਲੀ ਵਾਲੀ ਅੱਖ ਲੈ ਕੇ
ਜੇ ਦੇਖ ਸਕੇ ਤਾਂ ਦੇਖ
ਕਾਲੇ ਜਿਸਮਾਂ ਅੰਦਰ ਲੁਕੇ
ਕਈ ਰੰਗਾਂ ਦੀ ਬਹਾਰ
ਹੇ ਮੁਨੀਵਰ!
ਸਵਾਗਤ ਹੈ
ਸ਼ਬਦਾਂ ਦੇ ਦੁਆਰ
4.
ਮੈਂ ਜੋ ਸੀ
ਹੁਣ ਅਦਨਾ-ਅਦਨਾ
ਲੱਗ ਰਿਹਾ ਹਾਂ
ਅੱਖਰ-ਅੱਖਰ
ਪੜ੍ਹ ਰਿਹਾ ਹਾਂ
ਰੌਸ਼ਨ ਰੌਸ਼ਨ ਆਪਣੇ ਅੰਦਰ
ਕੁਝ ਨਾ ਕੁਝ
ਧਰ ਰਿਹਾ ਹਾਂ
ਦੂਰ ਜੋ ਦੀਵਾ ਜਗਦਾ ਸੀ
ਹੁਣ ਮੇਰੇ ਮੱਥੇ ਅੰਦਰ
ਬਲ ਰਿਹਾ ਹੈ
ਉਸ ਮੱਥੇ ਤੋਂ
ਇਸ ਮੱਥੇ ਅੰਦਰ
ਸੰਚਾਰ ਕੋਈ ਚੱਲ ਰਿਹਾ ਹੈ
ਉਸ ਮੱਥੇ ਦੀ ਖੋਜ 'ਚ
ਮਨ ਦੀ ਰੇਤਾ 'ਤੇ
ਕੋਈ ਨਕਸ਼ ਲੱਭ ਰਿਹਾ ਹਾਂ
ਕੀ ਹੈ ਰਿਸ਼ਤਾ
ਮੇਰਾ ਤੇ ਉਹਦਾ
ਜੋ ਦੀਵੇ ਰਾਹੀਂ
ਜਗ ਰਿਹਾ ਹੈ...?
5.
ਤਿਤਲੀ ਵਾਲੀ ਅੱਖ 'ਚੋਂ
ਮੈਂ ਦੇਖਾਂ
ਕੁਦਰਤ ਦੇ ਜਿਸਮ 'ਤੇ
ਰੁੱਤਾਂ ਦਾ ਸ਼ਿੰਗਾਰ
ਪੱਤੀਆਂ ਪੁੰਗਰਨ
ਫੁੱਲ ਖਿੜਨ
ਜੋਬਨ ਮਾਨਣ
ਤੇ ਝੜ ਜਾਣ
ਸਭ ਕੁਝ ਸ਼ਾਂਤ
ਚੁੱਪ ਚੁਪੀਤੇ ਬਦਲੀ ਜਾਏ
ਇਕ ਰੁੱਤ ਆਏ
ਦੂਜੀ ਚਲੀ ਜਾਏ
ਕੁਦਰਤ ਦੇ ਅੰਦਰ
ਰੰਗ ਕਈ ਹਜ਼ਾਰ
ਮੈਂ ਮਾਣਾਂ, ਮੈਂ ਦੇਖਾਂ
ਮੈਂ ਰੰਗਾਂ 'ਚ
ਰੰਗ ਜਾਵਾਂ
ਮੈਂ ਇਸ ਰੰਗਾਂ ਦੀ
ਦੁਨੀਆਂ ਅੰਦਰ
ਖੁਦ ਇਕ ਰੰਗ ਹੋ ਜਾਵਾਂ
ਰੰਗ ਵਿਚ ਸਮੋਇਆ
ਕੁਦਰਤ ਦਾ ਸੰਸਾਰ...
6.
ਕੁਦਰਤ ਨਾਲ
ਮੇਰਾ ਅੰਦਰ
ਕਿੰਨਾ ਸੁਰ-ਤਾਲ
ਨਾ ਕੁਝ ਟੁੱਟਿਆ
ਨਾ ਕੁਝ ਭੱਜਿਆ
ਨਾ ਹੀ ਕੋਈ
ਆਈ ਅਵਾਜ਼
ਕਿੱਥੋਂ ਕਿੱਥੋਂ
ਪਹੁੰਚ ਗਿਆਂ ਹਾਂ
ਮੇਰੇ ਅੰਦਰ
ਹਰ ਸ਼ੈਅ-ਨਿਰੰਤਰ
ਉੱਸਲ ਵੱਟੇ ਲੈਂਦੀ ਹੈ
ਅੰਦਰ- ਅੰਦਰ
ਇਕ ਤਬਦੀਲੀ
ਚੁੱਪ-ਚੁਪੀਤੇ
ਹੁੰਦੀ ਰਹਿੰਦੀ ਹੈ
7.
ਤੀਖਣ ਤ੍ਰਿਸ਼ਨਾ
ਮਨ 'ਚ ਲੈ ਕੇ
ਆਦਿ-ਸ਼ਬਦ ਤੋਂ
ਤੁਰਿਆ ਹਾਂ
ਖੋਜਣ ਅੰਦਰਲਾ ਬ੍ਰਹਿਮੰਡ
ਬ੍ਰਹਿਮੰਡ 'ਚ ਪਏ
ਕਈ ਸੂਰਜ-ਮੰਡਲ
ਲੱਖਾਂ ਤਾਰੇ
ਧਰਤ ਅਕਾਸ਼
ਊਰਜਾ ਦਾ ਪ੍ਰਵਾਹ
ਨਸ-ਨਸ ਅੰਦਰ
ਲਹੂ ਦਾ ਵਹਾਅ
ਕਤਰਾ-ਕਤਰਾ
ਮੇਰੇ ਅੰਦਰ
ਕਈ ਕੁਝ ਜੁੜਿਆ ਹੈ
ਆਪਣੇ ਆਪ ਨੂੰ ਜਾਨਣ
ਮੈਂ ਅੱਖਰਾਂ ਦੀ ਨਗਰੀ
ਮੁੜਿਆ ਹਾਂ
8.
ਮੇਰ ਨਗਰ ਦੇ ਲੋਕੀਂ
ਚਿਹਰੇ ਉੱਪਰ
ਚਿਹਰਾ ਪਾ ਕੇ ਜਿਉਂਦੇ ਲੇ
ਪੈਸੇ ਪਿੱਛੇ ਭਾਉਂਦੇ ਨੇ
ਚਾਂਦੀ ਸੋਨੇ ਦੀ
ਭਾਸ਼ਾ ਸਮਝਣ
ਕੁਦਰਤ ਦੀ ਦੌਲਤ ਤੋਂ
ਦੂਰ ਕਿੱਧਰੇ ਭਟਕੀ ਜਾਵਣ
ਸ਼ੀਸ਼ਾ ਤੱਕਣ
ਨਜਸ਼ ਢੂੰਡਣ
ਫਿਰ ਹਨੇਰੇ ਵਿਚ
ਗੁੰਮ ਹੋ ਜਾਵਣ
ਨੇਰ੍ਹਿਆਂ ਦੇ ਸ਼ਹਿਰ
ਪੱਥਰਾਂ ਦੇ ਘਰੀਂ
ਤਨਾਂ ਦੇ ਉੱਜਲੇ
ਮਨਾਂ ਦੇ ਕਾਲੇ ਲੋਕੀਂ
ਪੱਥਰ ਬਣ ਕੇ ਰਹਿੰਦੇ ਨੇ
9.
ਮੈਂ ਤੁਰ ਆਇਆ
ਮੱਥੇ ਦੀ ਲੋਅ ਦਾ
ਦੂਜੀ ਲੋਅ ਨਾਲ
ਰਿਸ਼ਤਾ ਢੂੰਡਣ
ਇਕ ਜੋਤੀ ਮੇਰੇ ਅੰਦਰ ਜਗਦੀ
ਇਕ ਜੋਤੀ ਕਿਤੇ ਹੋਰ...
ਦੋਹਾਂ ਦੀ ਅਗਨ ਅਧੂਰੀ
ਮੈਂ ਉਸ ਅਗਨ ਨੂੰ
ਆਪਣੀ ਅਗਨ ਨਾਲ
ਮਿਲਾਉਣ ਆਇਆ ਹਾਂ
ਉਸ ਅਗਨ ਦੀ
ਥਾਹ ਪਾਉਣ ਆਇਆ ਹਾਂ...
10.
ਨਜ਼ਮਾਂ ਦੇ ਅੰਦਰ
ਮੌਨ ਦੀ ਭਾਸ਼ਾ 'ਚੋਂ
ਅਰਥਾਂ ਦੇ ਪਾਰ
ਕੋਈ ਡੂੰਘਾ-ਡੂੰਘਾ
ਲੱਥ ਰਿਹਾ ਹੈ
ਸ਼ਬਦਾਂ ਦੇ ਸਮੁੰਦਰ
ਲਾ ਸਮਾਧੀ ਕੋਈ
ਅੰਤਰ-ਧਿਆਨ
ਪ੍ਰਕ੍ਰਿਤੀ ਸੰਗ ਸੰਵਾਦ
ਰਚ ਰਿਹਾ ਹੈ
ਅੰਦਰੋਂ ਉੱਠਦੀ ਊਰਜਾ
ਹੋ ਰਹੀ ਇਕੱਤਰ
ਉਸ ਦੇਵੀ ਦੇ ਮੱਥੇ ਅੰਦਰ
ਜਿਉਂ ਕੋਈ ਲਲਾਟ
ਬਲ ਰਿਹਾ ਹੈ
ਖੰਡ-2
1.
ਇਕ ਜੋਤੀ
ਦਿਸਹੱਦੇ ਤੋਂ ਪਾਰ
ਇਕ ਜੋਤੀ
ਦੋ ਜਿਸਮਾਂ ਦੇ
ਅੰਦਰ ਬਾਹਰ
ਇਕ ਜੋਤੀ ਨੂੰ
ਦੂਜੀ ਜੋਤੀ
ਦੇਖ ਰਹੀ ਹੈ
ਇਕ ਦੂਜੇ ਅੰਦਰ
ਆਪਣੇ ਨਕਸ਼
ਢੂੰਡ ਰਹੀ ਹੈ
ਇਕ ਜੋਤੀ ਨੂੰ
ਦੂਜੀ ਜੋਤੀ ਦੀ ਥਾਹ ਹੈ
ਅਗਨ ਦੇ ਅਗਨ ਨਾਲ
ਮਿਲਨ ਦਾ ਰਾਹ ਹੈ
2.
ਮੈਂ 'ਤੂੰ' ਹਾਂ
ਜਾਂ ਤੂੰ 'ਮੈਂ' ਹੈ
ਮੇਰੀ 'ਮੈਂ ' ਚੋਂ
ਤੇਰੀ 'ਮੈਂ ' ਨੂੰ
ਖੋਜ ਰਹੀ ਹਾਂ
ਆਪਣੀ ਉਮਰ ਦੀ ਰੁੱਤ
ਕੱਲੀ ਕਾਰੀ ਭੋਗ ਰਹੀ ਹਾਂ
ਇਸ ਰੁੱਤੇ
ਜੋ ਜੋਬਨ ਚੜ੍ਹਦਾ
ਆਪਣੇ ਸੇਕ 'ਚ
ਆਪੇ ਬਲਦਾ
ਮੈਂ ਵੀ ਆਪਣੇ ਸੇਕ 'ਚ
ਬਲ ਰਹੀ ਹਾਂ
ਇਸ ਰੁੱਤੇ
ਪ੍ਰੇਮ ਦਾ ਦੀਵਾ
ਕਿਸ ਮੇਰੀ ਹਿੱਕ ਅੰਦਰ
ਧਰਿਆ ਹੈ?
ਮੇਰੀ ਕਾਇਆ ਦਾ ਸੂਰਜ
ਕਿਸ ਦੇ ਕੋਠੇ ਚੜ੍ਹਿਆ ਹੈ?
ਮੈਂ ਤਾਂ ਅਗਨ
ਦੇਸ਼ ਤੋਂ ਆਈ
ਅਗਨ-ਕੁੰਡ ਦੀ ਜਾਈ
ਅਗਨ ਮੇਰੇ ਹੱਡੀਂ ਬੈਠੀ
ਮੈਂ ਕੋਈ ਲਾਟ ਪਰਾਈ
ਮੇਰੀ ਲੋਅ ਦਾ ਇਕ ਟੋਟਾ
ਕਿਸ ਦਰ ਜਾ ਕੇ ਧਰਿਆ ਹੈ...?
3.
ਕੌਣ ਪਰਦੇਸੀ
ਬੂਹੇ ਆਇਆ
ਸੁੰਦਰ ਚਿਹਰਾ
ਬੁੱਲ੍ਹੀਂ ਮੰਦ-ਮੰਦ ਮੁਸਕਾਨ
ਕੋਈ ਤਪੀ
ਜਾਂ ਰਿਸ਼ੀ ਜਾਪੇ
ਜਾਂ ਕੋਈ ਝੂਠੀ ਮਾਇਆ...!
ਹੇ ਦੇਵੀ!
ਨਾ ਤਪੀ
ਨਾ ਰਿਸ਼ੀ
ਮੈਂ ਤਾਂ ਤੇਰੀ ਕਾਇਆ
ਇਕ ਜੋਤੀ ਤੇਰੇ ਮੱਥੇ ਜਗਦੀ
ਦੂਜੀ ਮੇਰੀ ਛਾਇਆ
ਆਪਣੇ ਮੱਥੇ ਅੰਦਰ
ਤੇਰੀ ਲੋਅ ਦਾ
ਟੋਟਾ ਸਾਂਭੀ
ਮੈਂ ਦੂਰ ਦੁਮੇਲੋਂ ਆਇਆ....।
4.
ਇਹ ਜੋਤੀ ਮੁੱਢ-ਕਦੀਮੋਂ
ਮੇਰੇ ਮੱਥੇ ਜਗਦੀ
ਮੈਂ ਉਸ ਮੱਥੇ ਦੀ ਭਾਲ 'ਚ
ਕਈ ਦਿਸ਼ਾਵਾਂ ਭਟਕਿਆ
ਪਰਬਤ, ਰੋਹੀਂ, ਜੰਗਲ-ਬੇਲੇ
ਸੂਰਜ, ਚੰਨ, ਤਾਰੇ
ਕੋਨੇ ਕੋਨੇ 'ਚੋਂ ਪਰਤ ਕੇ
ਮੈ ਮੁੜ ਆਪੇ ਕੋਲ ਆਇਆ
ਤਾਰੇ ਆਖਣ-
ਸਾਡੇ ਚਿਹਰੇ
ਹਰ ਪਲ਼ ਜੋਤੀ ਬਲਦੀ ਹੈ
ਚੰਨ ਆਖੇ ਮੇਰੀ ਜੋਤੀ
ਸੂਰਜ ਦੀ ਨਾਭੀ ਚੋਂ ਚਲਦੀ ਹੈ
ਸੂਰਜ ਆਖੇ-
ਮੇਰੀ ਲੋਅ ਦਾ
ਮੈਂ ਆਪੇ ਸਿਰਜਣਹਾਰ
ਗਰਮ ਗੈਸਾਂ ਦਾ ਗੋਲਾ
ਉਮਰ ਕਰੋੜਾਂ ਸਾਲ
ਪਰਬਤ ਚੜ੍ਹਦਾ ਚੜ੍ਹਦਾ
ਗੁਫ਼ਾ 'ਚ ਵੜਿਆ ਆਣ
ਯੋਗੀ ਲਾਈ ਬੈਠਾ ਸਮਾਧੀ
ਮੱਥੇ ਬਲੇ ਲਲਾਟ
ਤਪ ਦੀ ਜੋਤੀ ਮੇਰੇ ਅੰਦਰ
ਮੱਥੇ ਅੰਦਰੋਂ ਫੁੱਟਦੀ ਹੈ
ਇਸ ਦੀ ਨਾ ਕੋਈ
ਦੂਜੀ ਕਾਇਆ
ਨਾ ਕਿਤੇ ਹੋਰ ਜਗਦੀ ਹੈ....
ਰੋਹੀਂ ਤੁਰਿਆ
ਜੰਗਲੀਂ ਭਟਕਿਆ
ਅਗਨੀ ਬਲੇ ਬੇ-ਸ਼ੁਮਾਰ
ਪਰ ਕੌਣ ਮੇਰੀ
ਲੋਅ ਦਾ ਹਾਣੀ
ਮਿਲੇ ਨਾ ਕੋਈ ਸਾਰ..
5.
ਇਕ ਵਾਰ ...
ਮੈਨੂੰ ਮਿਲਿਆ ਕੋਈ
ਜਿਉਂ ਹੋਵੇ ਮੇਰਾ ਹਾਣ
ਚਾਨਣ-ਚਾਨਣ ਮੱਥਾ ਉਸਦਾ
ਰੌਸ਼ਨ ਅੰਦਰ ਬਾਹਰ
ਮੈਨੂੰ ਜਾਪੇ ਮੇਰੇ ਵਰਗਾ
ਉਹਦਾ ਹੀ ਸੰਸਾਰ
ਪਰ ਕਾਲ ਨੇ ਚੱਲਿਆ
ਐਸਾ ਚੱਕਰ
ਵਕਤ ਬੜਾ ਬਲਵਾਨ
ਇਕ ਮੱਥਾ ਮੇਰੇ ਅੱਗੇ ਧਰਕੇ
ਕਹਿੰਦਾ- ' ਇਹ ਤੇਰਾ ਹਾਣ'
ਮੈਂ ਸਾਹਵੇਂ ਮੱਥਾ ਤੱਕਾਂ
ਬਿਰਹੋਂ ਸੇਕ ਹੰਢਾਵਾਂ
ਆਪਣੀਆਂ ਮੈਂ ਸੁੰਨੀਆਂ ਬਾਹਵਾਂ
ਕਿਸ ਸੱਜਣੀਂ ਦੇ ਗਲ਼ ਪਾਵਾਂ...?
6.
ਇਹ ਦੁਨੀਆਂ ਅਗਨ ਵਿਹੂਣੀ
ਮੇਰਾ ਸੇਕ ਨਾ ਜਾਣੇ
ਮੇਰੇ ਮਨ ਦੀ ਮਿੱਟੀ 'ਚੋਂ
ਕੌਣ ਪ੍ਰੇਮ ਨਕਸ਼ ਪਛਾਣੇ
ਮੈਂ ਇਸ ਨਗਰੀ ਤੋਂ ਦੂਰ
ਜਾਵਾਂ ਕਿੱਧਰੇ ਹੋਰ
ਜਿੱਥੇ ਕੋਈ
ਮੇਰੀ ਲੋਅ ਨੂੰ ਜਾਣੇ
ਮਿਲ ਜਾਏ ਰੂਹ ਨੂੰ
ਰੂਹ ਦਾ ਹਾਣ
7.
ਮੈਂ ਇਸ ਸ਼ਬਦਾਂ ਦੀ
ਨਗਰੀ ਤੁਰਿਆ
ਕਾਲੇ ਕਾਲੇ ਬਦਨਾਂ ਅੰਦਰ
ਰੰਗ ਬੇ-ਸ਼ੁਮਾਰ
ਕੁਦਰਤ ਦੇ ਏਨਾ ਨੇੜੇ
ਮੈਂ ਆਇਆ ਪਹਿਲੀ ਵਾਰ
ਮੇਰੀ ਲੋਅ ਨੂੰ
ਲੋਅ ਮਿਲ ਜਾਊ
ਮੈਨੂੰ ਇਹ ਆਸ
ਕਦਮ ਕਦਮ ਮੈਂ
ਤੁਰਦਾ ਗਿਆ
ਲੈ ਕੇ ਇਹ ਧਰਵਾਸ
ਰੌਸ਼ਨ ਰੌਸ਼ਨ ਹੋਇਆ ਆਪਾ
ਬੱਝਿਆ ਇਕ ਵਿਸ਼ਵਾਸ
ਮੇਰੀ ਲੋਅ ਦੇ ਹਾਣੀ ਦਾ
ਸ਼ਬਦਾਂ ਦੀ ਨਗਰੀ ਵਾਸ
ਤੇਰੀ ਲੋਅ ਦੀ ਖਿੱਚ ਐਸੀ
ਮੈਂ ਆ ਪਹੁੰਚਿਆ ਤੇਰੇ ਪਾਸ
8.
' ਮੁਨੀ ' ਮੇਰਾ ਨਾਂ ਸੱਦੀਂਦੇ
ਅੱਖਰਾਂ ਦੇ ਦਰਬਾਨ
ਇਸ ਦੁਨੀਆਂ ਅੰਦਰ
ਮੇਰਾ ਇਹੋ ਨਾਂ ਪ੍ਰਧਾਨ
ਤੂੰ ਦੇਵੀ ਜੋ ਵੀ ਆਖੇਂ
ਮੈ ਹਾਂ ਤੇਰਾ ਹਾਣ
ਤੇਰੀ ਲੋਅ ਦਾ ਹਿੱਸਾ
ਲੈ ਆਇਆਂ ਆਪਣੇ ਨਾਲ
ਹੇ ਮੁਨੀਵਰ!
ਨਾਂ ਦਾ ਕੀ ਹੈ
ਨਾਮ ਨਾ ਕੋਈ ਪਛਾਣ
ਤੇਰੇ ਮੇਰੇ ਮੱਥੇ ਦੀ ਲੋਅ
ਸਾਡੀ ਇਹੋ ਪਹਿਚਾਣ
9.
ਸੁਣ ਸੱਜਣੀਂ!
ਮੈਂ ਆਪਣੀ ਲੋਅ ਖਾਤਰ
ਲਿਆਇਆ ਕੁਝ ਉਪਹਾਰ
ਮੰਨਿਆ ਮੇਰੇ ਦੇਸ
ਨਾ ਇਹੋ ਜਿਹੀ ਬਹਾਰ
ਪਰ ਜੋ ਲਿਆਇਆ
ਤੈਨੂੰ ਅਰਪਿਤ ਕਰਨਾ
ਚਾਹਵਾਂ ਇਕ ਵਾਰ
ਸੱਜਣ!
ਜਿਸ ਲੋਕ ਦੀ ਮੈਂ ਸ਼ਹਿਜ਼ਾਦੀ
ਨਾ ਚਾਹੀਏ ਕੋਈ ਉਪਹਾਰ
ਪ੍ਰੇਮ ਭਾਸ਼ਾ ਇਸ ਦੁਨੀਆਂ ਦਾ
ਸਭ ਤੋਂ ਵੱਡਾ ਉਪਹਾਰ
ਪ੍ਰੇਮ ਤੋਂ ਉੱਪਰ
ਤੂੰ ਕੀ ਲਿਆਇਆਂ
ਇਹ ਸਭ ਝੂਠੀ ਮਾਇਆ
ਮੇਰਾ ਅਗਨ ਦਾ ਇਕ ਹਿੱਸਾ
ਆਪਣੀ ਦੇਹ 'ਚ ਸਾਂਭੀ
ਤੂੰ ਆਇਆਂ ਮੇਰੇ ਕੋਲ
ਇਸ ਤੋਂ ਵੱਧ ਕੁਝ ਨਾ ਬੋਲ
ਸੱਜਣੀਂ!
ਜੋ ਲਿਆਇਆਂ ਆਪਣੇ ਦੇਸੋਂ
ਇਕ ਬਾਰੀ ਤਾਂ ਦੇਖ
ਨਾ ਇਹ ਕੋਈ ਮਾਇਆ
ਨਾ ਕੋਈ ਭਰਮ-ਜਾਲ
ਇਹ ਤਾਂ ਮੇਰੀ ਸੋਚ ਦਾ
ਮਾਤਰ ਇਕ ਖਿਆਲ
ਮੈ ਤਾਂ ਚਿੱਤ 'ਚ
ਤੇਰੀ ਕਾਇਆ ਕਲਪਦਾ
ਜੋ ਵੀ ਮਿਲਦਾ
ਇਸਦੇ ਹਾਣ ਦਾ
ਮੈਂ ਓਹੀ ਲੈਂਦਾ ਸੰਭਾਲ...
ਸੱਜਣੀ!
ਇਹ ਪ੍ਰੇਮ ਦਾ ਕੋਈ ਰੂਪ
ਜਾਂ ਮੇਰੇ ਮਨ ਦਾ ਚਾਅ
ਕੁਝ ਖਿਲੌਣੇ ਲਿਆਇਆਂ
ਆਪਣੀ ਮਿੱਟੀ 'ਚੋਂ ਬਣਾ
ਜਿਉਂ ਜਿਉਂ ਤੈਨੂੰ ਚਿਤਵਿਆ
ਬਣਿਆ ਇਕ ਅਕਾਰ
ਫਿਰ ਇਨ੍ਹਾਂ 'ਚੋਂ ਤੇਰੀ ਸੂਰਤ
ਹੋ ਗਈ ਸਾਕਾਰ
ਕਈ ਵਾਰ ਇਸ ਸੂਰਤ ਨੂ
ਆਪਣੀ ਗੋਦ ਬਿਠਾਉਂਦਾ
ਪ੍ਰੇਮ ਕਰਦਾ, ਚੁੰਮਦਾ ਚੱਟਦਾ
ਤੇ ਚੋਰੀ ਲਾਡ ਲਡਾਉਂਦਾ
ਆਪਣੀ ਕਲਪਨਾ ਦਾ ਇਹ ਸੰਸਾਰ
ਮੇਰੀ ਸੱਜਣੀਂ
ਤੈਨੂੰ ਅਰਪਿਤ ਕਰਨਾ
ਚਾਹਵਾਂ ਇਕ ਵਾਰ
ਸੱਜਣ!
ਜੇ ਇਹ ਤੇਰੀ ਮਿੱਟੀ 'ਚੋਂ
ਉਪਜੀ ਮੇਰੀ ਕਾਇਆ ਹੈ
ਜੇ ਤੂੰ ਆਪਣੇ ਪ੍ਰੇਮ ਸੰਗ
ਇਨ੍ਹਾਂ ਨੂੰ ਸਜਾਇਆ ਹੈ
ਤਾਂ ਆ ਸੱਜਣ!
ਇਹ ਹਥੇਲੀ ਮੇਰੀ ਧਰ ਦੇ
ਆਪਣੀ ਲੋਅ ਸੰਗ
ਇਉਂ ਹੀ ਵਿਚਰੀਏ
ਐਸਾ ਕੋਈ ਵਰ ਦੇ...
10.
ਚੱਲ ਸੱਜਣ!
ਹੁਣ ਅੱਖਰ ਲੋਕ ਦੀ
ਕਰਨ ਪਰਿਕਰਮਾ ਚੱਲੀਏ
ਬੀਤੇ ਯੁੱਗਾਂ ਦੀ ਧਰਤੀ
ਤੈਨੂੰ ਮੈਂ ਲੈ ਜਾਵਾਂ
ਜੇ ਆਖੇਂ ਤਾਂ
ਇਸ ਧਰਤੀ 'ਤੇ
ਨਵਾਂ ਸਵਰਗ ਦਿਖਾਵਾਂ
ਜੋ ਤੂੰ ਚਾਹੇਂ ਮੈਂ ਤੈਨੂੰ
ਵੈਸਾ ਦੇਸ ਦਿਖਾਵਾਂ
ਜੇ ਆਖੇਂ ਤਾਂ ਭਰ ਦੇਵਾਂ
ਪ੍ਰੇਮ ਨਾਲ ਸੁੰਨੀਆਂ ਬਾਹਵਾਂ
ਜੋ ਤੂੰ ਚਾਹਵੇਂ
ਮਿਲ ਜਾਏ ਵੈਸਾ ਹੀ ਸੰਸਾਰ
ਲੋਅ ਦਾ ਲੋਅ ਨਾਲ ਰਿਸ਼ਤਾ
ਨਾ ਹੋਰ ਕੋਈ ਬੰਧਨ-ਵਾਰ
ਅੱਖਰ ਅੱਖਰ
ਨਵੇਂ ਦਰ ਖੁੱਲ੍ਹਣ
ਰੰਗੀਨ ਬੜੀ ਬਹਾਰ
ਝਰਨੇ ਦੇ ਪਾਣੀ ਸੂਹੇ
ਚਾਨਣੀ ਬੇ-ਸ਼ੁਮਾਰ
ਚੰਨ ਦੀ ਪੀਂਘ 'ਤੇ ਬਹਿ ਕੇ
ਪ੍ਰੇਮ ਹੁਲਾਰੇ ਲਈਏ
ਜੰਗਲ-ਜੰਗਲ
ਪਰਬਤ-ਪਰਬਤ
ਹਰ ਥਾਂ ਜਾ ਕੇ ਰਹੀਏ
ਚੱਲ ਸੱਜਣੀਂ!
ਚੱਲੀਏ ਦੂਰ ਦਰੇਸ
ਆਪਣੀ ਲੋਅ ਨੂੰ
ਅਰਪਿਤ ਹੋਈਏ
ਜਾ ਕੇ ਆਪਣੇ ਦੇਸ
ਨਾ ਸੱਜਣ!
ਜਿਸ ਦੇਸੋਂ ਤੂੰ ਆਇਆਂ
ਉੱਥੇ ਲੋਅ ਨੂੰ ਲੋਅ ਨਾ ਦਿੱਸਦੀ
ਰਹਿੰਦੀ ਨਾਲ ਕੋਈ ਛਾਇਆ
ਅਸੀਂ ਇਸ ਅੱਖਰ ਲੋਕ 'ਚ
ਆਪਣੀ ਲੋਅ ਮਿਲਾਈਏ
ਅਗਨ ਨੂੰ ਅਗਨ ਦੇ ਕੇ
ਇਕ ਦੂਜੇ ਨੂੰ ਪ੍ਰਣਾਈਏ...
ਖੰਡ-3
1.
ਸੁਣ ਸੱਜਣੀਂ
ਸ਼ਬਦ ਲੋਕ 'ਚ
ਕੀ ਕੋਈ ਐਸੀ ਥਾਂ
ਚਾਂਦੀ ਰੰਗੇ ਬਿਰਖ਼ ਜਿੱਥੇ
ਹਰੀ ਉਨ੍ਹਾਂ ਦੀ ਛਾਂ....?
ਹਾਂ ਸੱਜਣ!
ਜਿਸ ਦਿਸ਼ਾਵੋਂ ਪੌਣ ਆਉਂਦੀ
ਉੱਧਰ ਨੂੰ ਚੱਲੀਏ ਹੋ
ਮਨ ਸੁਗੰਧੀ ਭਰ ਰਹੀ
ਜਿਉਂ ਫੈਲ ਰਹੀ ਖ਼ੁਸ਼ਬੋ
ਚਾਨਣ ਨ੍ਹਾਤੀਆਂ ਫੁੱਲ ਪੱਤੀਆਂ
ਚਹੁੰ ਪਾਸੀਂ ਰਹੀਆਂ ਆ ਖਲੋ
ਫੁੱਲਾਂ ਦੀ ਨਗਰੀ ਪਹੁੰਚ ਕੇ
ਖੁਦ ਹੋ ਜਾਈਏ ਖੁਸ਼ਬੋ
ਤਨ ਮਹਿਕੇ ਮਨ ਮਹਿਕੇ
ਮਹਿਕ ਅੰਗੀਂ ਰਚ ਜਾਵੇ
ਤੇਰੀ ਮੇਰੀ ਖੁਸ਼ਬੋਈ
ਇਕ ਦੂਜੇ ਵਿਚ ਵਸ ਜਾਵੇ
ਸੋਨੇ ਰੰਗ ਫੁੱਲ ਖਿੜੇ ਨੇ
ਚਾਂਦੀ ਰੰਗੀਆਂ ਪੱਤੀਆਂ 'ਤੇ
ਕੁਦਰਤ ਦਾ ਅਜਬ ਜੋਬਨ
ਮਾਣਿਆ ਸਾਡੀਆਂ ਅੱਖੀਆਂ ਨੇ
ਕੀ ਮੈਂ ਆਖਾਂ ਸੱਜਣੀਂ
ਅੱਜ ਤੀਕ ਕੀ ਬਿਤਾਇਆ ਹੈ
ਕੁਦਰਤ ਦਾ ਇਹ ਅਜਬ ਖਜ਼ਾਨਾ
ਅੱਖਰਾਂ ਕਿਉਂ ਛੁਪਾਇਆ ਹੈ?
ਮੇਰੀ ਦੁਨੀਆਂ ਦੇ ਅੰਦਰ
ਕਿਉਂ ਨਾ ਇਹ ਸਭ ਹੁੰਦਾ
ਇਹ ਦੌਲਤ ਜੇ ਦੇਖ ਲਏ
ਤਾਂ ਬਾਵਰਾ ਹੋ ਜਾਏ ਬੰਦਾ
ਹਾਂ ਸੱਜਣ!
ਇਹ ਸਭ ਦੇਖਣ ਲਈ
ਨੇਤਰ ਤੀਜਾ ਚਾਹੀਦਾ
ਦੋ ਅੱਖਾਂ ਵਾਲੇ ਨੂੰ
ਇਹ ਸਭ ਨਹੀਂ ਦਿਖਾਈਦਾ
ਤੇਰੇ ਕੋਲ ਉਹ ਨੇਤਰ
ਤੇਰੇ ਮੱਥੇ ਲੋਅ
ਲੋਅ ਨਾਲ ਸਭ ਕੁਝ ਦਿੱਸਦਾ
ਬਾਕੀ ਤਾਂ ਖੁਸ਼ਬੋ
2.
ਅੱਖਰ ਲੋਕ ਸੱਜਣੀਂ ਆਖੇ
ਕਈ ਯੁੱਗਾਂ ਦਾ ਵਾਸ
ਹਰ ਯੁੱਗ ਦੀ ਵਿੱਥਿਆ
ਅੱਖਰਾਂ ਦੇ ਪਾਸ
ਚਾਹੇ ਤਾਂ ਇਤਿਹਾਸ ਦੇਖ ਲੈ
ਚਾਹੇ ਦੇਖ ਮਿਥਿਹਾਸ
ਦੁਆਪਰ ਯੁੱਗ
ਅਰਜੁਨ ਯੋਧਾ, ਕ੍ਰਿਸ਼ਨ ਸਾਰਥੀ
ਚੱਲ ਰਿਹਾ ਸੰਵਾਦ
ਕਰਮ ਭੂਮੀ 'ਤੇ ਆ ਕੇ
ਛਿੜ ਪਿਆ ਵਿਵਾਦ
ਅਰਜੁਨ ਆਖੇ-
ਸਾਹਮਣੇ ਖੜ੍ਹੇ ਮੇਰੇ ਆਪਣੇ
ਮੈਂ ਕਿਵੇਂ ਚੁੱਕਾਂ ਹਥਿਆਰ
ਮੈਂ ਆਪਣੇ ਤੀਰਾਂ ਸੰਗ
ਨਹੀਂ ਸਕਦਾ ਇਨ੍ਹਾਂ ਨੂੰ ਮਾਰ
ਕ੍ਰਿਸ਼ਨ ਕਿਹਾ-
ਤੂੰ ਚਿੰਤਨ ਮਾਰਗ ਛੱਡ ਕੇ
ਕਰਮ ਦੇ ਮਾਰਗ ਚੱਲ
ਬੰਧਨ ਮੁਕਤ ਹੋ ਜਾ
ਨਾ ਦੇਖ ਕਰਮਾਂ ਦਾ ਫ਼ਲ
ਤ੍ਰੇਤਾ ਯੁੱਗ
ਮਰਿਆਦਾ ਪ੍ਰਸ਼ੋਤਮ ਰਾਮ
ਕੱਟਣ ਆਇਆ ਬਨਵਾਸ
ਸੀਤਾ ਹਰ ਪਲ਼ ਨਾਲ ਰਹੀ
ਕਿਤੇ ਨਾ ਛੱਡਿਆ ਸਾਥ
ਅਗਨ ਪ੍ਰੀਖਿਆ ਵੀ ਦੇ ਗੁਜ਼ਰੀ
ਭਾਵੇਂ ਦਾਮਨ-ਪਾਕ
ਕੀ ਸੱਜਣੀਂ!
ਇਨ੍ਹਾਂ ਯੁੱਗਾਂ ਦੀ ਧਰਤੀ
ਕੁਝ ਦਿਨ ਚੱਲ ਕੇ ਰਹੀਏ
ਧੋਬੀ ਦਾ ਸੰਸਾ ਕਿਉਂ ਨਾ
ਆਪਣੇ ਮਨ 'ਤੇ ਸਹੀਏ?
ਨਾ ਸੱਜਣ! ਮੈਂ ਨਹੀਂ ਰਹਿਣਾ
ਜਿੱਥੇ ਨਾਰੀ ਨੂੰ ਬਨਵਾਸ
ਦਰੋਪਦੀ ਨੂੰ ਦਾਅ 'ਤੇ ਲਾ ਕੇ
ਕੋਈ ਨਾ ਆਵੇ ਪਾਸ
ਨਾ ਸੱਜਣ! ਮੈਂ ਨਹੀਂ ਦੇਖਣਾ
ਮਾਨਵਤਾ ਦਾ ਘਾਣ
ਕਿਹੜੇ ਯੁੱਗੋਂ ਤੁਰੇ
ਪਹੁੰਚੇ ਕਿੱਥੇ ਆਣ...?
ਚੱਲ ਕੁਦਰਤ ਦੀ ਗੋਦੀ
ਹੱਸੀਏ, ਨੱਚੀਏ, ਗਾਈਏ
ਸ਼ਾਂਤੀ ਮਾਰਗ 'ਤੇ ਤੁਰ ਕੇ
ਪ੍ਰੇਮ ਸੰਦੇਸ਼ ਪਹੁੰਚਾਈਏ
3.
ਅੱਖਰ ਲੋਕ 'ਚ ਕੁਦਰਤ
ਅਜੀਬ ਨਜ਼ਾਰੇ ਦੱਸਦੀ ਹੈ
ਹਰ ਸ਼ੈਅ ਅੰਦਰ ਜਿਉਂ
ਕੋਈ ਵੱਖਰੀ ਜਾਨ ਵੱਸਦੀ ਹੈ
ਚੱਲ ਸੱਜਣ!
ਸੁਨਹਿਰੇ ਪਰਬਤ ਦੀ
ਟੀਸੀ 'ਤੇ ਜਾ ਖਲੋਈਏ
ਸਤਰੰਗੀ ਬਰਫ਼ ਦੀ
ਮੁੱਠੀ ਭਰ ਕੇ
ਇਕ ਦੂਜੇ ਵੱਲ ਹੋਈਏ
ਦੋ ਪੰਛੀ ਪਏ ਕਰਨ ਕਲੋਲਾਂ
ਚੁੰਝਾਂ ਅੰਦਰ ਭਰਕੇ ਚੁੰਝਾਂ
ਸੁੰਦਰ ਪੰਖ ਲਹਿਰਾਉਂਦੇ ਨੇ
ਪ੍ਰੇਮ ਦੇਸ ਤੋਂ ਆਏ ਜਾਪਣ
ਗੀਤ ਪਿਆਰ ਦੇ ਗਾਉਂਦੇ ਨੇ
ਭਰ ਉਡਾਰੀ ਉੱਚੇ ਉੱਡਣ
ਕਦੇ ਡੂੰਘੀ ਤਾਰੀ ਲਾਉਂਦੇ ਨੇ
ਕਰ ਕਲੋਲਾਂ ਸਾਨੂੰ ਦੱਸਣ
ਸਾਡਾ ਮਨ ਭਰਮਾਉਂਦੇ ਨੇ
4.
ਚੰਨ ਦੀਆਂ ਰਿਸ਼ਮਾਂ ਬਣ ਹੀਰੇ ਮੋਤੀ
ਧਰਤੀ ਉੱਪਰ ਆਉਂਦੇ ਨੇ
ਸਖ਼ੀ ਦੇ ਵਾਲਾਂ 'ਚ ਉੱਤਰ ਰਹੇ
ਉਹਨੂੰ ਜਿਉਂ ਸਜਾਉਂਦੇ ਨੇ
ਰਾਤ ਚਾਨਣੀ ਸੱਜਣ ਸੱਜਣੀਂ
ਰੇਤਾ 'ਤੇ ਪੈਰ ਟਿਕਾਉਂਦੇ ਨੇ
ਇਕ ਦੂਜੇ ਦੇ ਚਿਹਰੇ
ਆਪਣੀਆਂ ਪਲਕਾਂ ਵਿਚ ਲੁਕਾਉਂਦੇ ਨੇ
ਆਪਣੇ ਆਪਣੇ ਮਨ ਦੀ ਤ੍ਰੇਹ ਨੂੰ
ਹੋਠਾਂ ਤੀਕ ਲਿਆਉਂਦੇ ਨੇ
5.
ਸੱਜਣ!
ਬੁੱਲ੍ਹ ਮੇਰੇ ਜਿਉਂ ਸੁੱਕੇ ਪੱਤੇ
ਤੂੰ ਪਾਣੀ ਮੇਰੇ ਹੋਠੀਂ ਲਾ
ਦੂਰ ਵਗੇਂਦਾ ਚਸ਼ਮਾ
ਸੂਹਾ ਪਾਣੀ ਭਰ ਬੁੱਕ ਲਿਆ
ਮੇਰੇ ਮਨ ਦੀ ਤ੍ਰਿਸ਼ਨਾ ਐਸੀ
ਮੇਰਾ ਅੰਦਰ ਜਲ ਰਿਹਾ
ਇਸ ਅਗਨ ਨੂੰ ਹੁਣ ਤੀਕ
ਨਾ ਸਕਿਆ ਕੋਈ ਬੁਝਾ
ਲੈ ਸੱਜਣੀਂ ਆਪਣੇ ਹੱਥੀਂ
ਤੈਨੂੰ ਪਾਣੀ ਦਿਆਂ ਪਿਲਾ
ਬੂੰਦ ਬੂੰਦ ਤੇਰੇ ਹੋਠੀਂ ਲਾ ਕੇ
ਦੇਵਾਂ ਪਿਆਸ ਬੁਝਾ
ਆ ਸੱਜਣੀਂ ਮੈਂ ਤੈਨੂੰ
ਆਪਣੇ ਸੀਨੇ ਲਵਾਂ ਲਾ
ਆਪਣੇ ਅੰਦਰਲੀ ਲੋਅ ਨੂੰ
ਤੇਰੇ ਤੀਕ ਦਿਆਂ ਪਹੁੰਚਾ
6.
ਕਿਸ ਸੰਗੀਤ ਮੇਰੇ ਕੰਨੀ ਧਰਿਆ
ਕੌਣ ਬਾਂਸੁਰੀ ਰਿਹਾ ਵਜਾ
ਚੰਨ ਦੇ ਝੂਲੇ ਕੋਲ
ਕੌਣ ਖਲੋਇਆ ਆ....?
ਸੱਜਣੀਂ!
ਇਹ ਤਾਂ ਤੇਰੀ ਲੋਅ ਹੈ
ਇਹ ਤਾਂ ਤੇਰੀ ਕਾਇਆ
ਤੇਰੀ ਹਿੱਕ ਅੰਦਰ ਜੋ ਗੀਤ
ਉਹੀ ਮੈਂ ਵਜਾਇਆ
ਸੱਜਣ!
ਤੂੰ ਬਾਂਸੁਰੀ ਨਹੀਂ
ਮੇਰੀ ਕਾਇਆ ਹੋਠੀਂ ਲਾ
ਇਕ ਸੁਰ ਕਰਕੇ ਮੈਨੂੰ
ਤੂੰ ਬਾਂਸੁਰੀ ਵਾਂਗ ਵਜਾ.....
7.
ਸੱਜਣੀਂ!
ਤੇਰੇ ਹੋਂਠ ਜਿਉਂ
ਸ਼ਹਿਦ ਦਾ ਛੰਨਾ ਭਰਿਆ
ਜਿਸਮ ਤੇਰਾ ਬਣਿਆ ਮਿਰਦੰਗ
ਜਿਉਂ ਮੈਂ ਹੱਥ ਧਰਿਆ
ਤੂੰ ਕੋਈ ਮੁਦਰਾ
ਤੂੰ ਕੋਈ ਮੂਰਤ ਸਾਕਾਰ
ਜਿਸਨੇ ਤੈਨੂੰ ਹੱਥੀਂ ਘੜਿਆ
ਦਿੱਤਾ ਖ਼ੂਰ ਆਕਾਰ
ਤੇਰੇ ਅੰਦਰਲੀ ਤ੍ਰਿਸ਼ਨਾ 'ਚ
ਜਿਉਂ ਸਮਾਏ ਕਈ ਮਾਰੂਥਲ
ਸੱਤ ਸਮੁੰਦਰ ਪੀ ਕੇ ਵੀ
ਪਿਆਸ ਬੁਝਾਏ ਨਾ ਜਲ
ਤੇਰੇ ਅੰਦਰ ਜੋ ਅਗਨ
ਉਹ ਮੇਰੇ ਅੰਦਰ ਵੀ ਧਰੀ ਹੈ
ਇਕ ਲੋਅ ਦਾ ਇਹੋ ਰਿਸ਼ਤਾ
ਆਈ ਮਿਲਨ ਘੜੀ ਹੈ
8.
ਸੱਜਣ!
ਕਿਉਂ ਮੁਦਰਾ ਆਖ ਰਹੇ ਹੋ
ਮੈਂ ਬਿਰਹੋਂ ਦੀ ਮਾਰੀ
ਕੋਝੀ ਮੇਰੀ ਕਾਇਆ
ਮੈਂ ਤਾਂ ਕੋਇਲ ਵਿਚਾਰੀ
ਜੇ ਸੱਜਣੀਂ ਤੂੰ ਕੋਝੀ ਹੁੰਦੀ
ਕੀ ਅੱਖਰ ਲੋਕ ਵਸੇਂਦੀ
ਤੇਰੇ ਅੰਦਰਲੀ ਅਗਨ
ਕੀ ਮੈਨੂੰ ਇੰਝ ਸਦੇਂਦੀ?
ਦੇਖ ਅੰਬਰ ਦੇ ਸੀਨੇ 'ਤੇ
ਉੱਗੇ ਨੀਲੇ, ਪੀਲੇ ਤਾਰੇ ਨੇ
ਚਾਂਦੀ ਰੰਗੇ ਬਿਰਖ਼ ਵੀ
ਲੈਂਦੇ ਪੌਣ ਹੁਲਾਰੇ ਨੇ
ਫ਼ੁੱਲਾਂ ਦੀ ਇਕ ਜੋੜੀ
ਆਈ ਕਰਨ ਤੇਰਾ ਸ਼ਿੰਗਾਰ
ਰੁੱਤ ਵੀ ਮਹਿਕਾਂ ਵੰਡਦੀ
ਚਹੁੰ ਪਾਸੇ ਦੇਖ ਬਹਾਰ...
ਸੱਜਣ!
ਸੋਲਾਂ ਸ਼ਿੰਗਾਰ ਕਰਾਂ
ਮੈਂ ਨਾ ਐਸੀ ਨਾਰ
ਸ਼ਬਦ ਮੇਰੀ ਬਿੰਦੀ ਬਣਦੇ
ਸ਼ਬਦ ਗਲੇ ਦਾ ਹਾਰ
ਨਾ ਮੈਂ ਹੋਠੀਂ ਸੁਰਖ਼ੀ ਲਾਵਾਂ
ਨਾ ਬਾਹੀਂ ਕੋਈ ਚੂੜਾ ਪਾਵਾਂ
ਨਾ ਝਾਂਜਰ ਛਣ ਛਣ ਛਣਕੇ
ਨਾ ਕੰਨੀਂ ਝੁਮਕਾ ਲਟਕੇ
ਮੇਰੇ ਮੱਥੇ ਦੀ ਲੋਅ ਹੀ
ਸੱਜਣ ਮੇਰਾ ਸ਼ਿੰਗਾਰ
9.
ਸੰਖ਼ ਨਗਾਰੇ ਵੱਜ ਉੱਠੇ
ਹੋ ਰਿਹਾ ਅਨਹਦ-ਨਾਦ
ਇਕ ਸੁਰ ਹੋ ਰਹੀ ਸ਼੍ਰਿਸ਼ਟੀ
ਰੋਮ ਰੋਮ ਭਰਿਆ ਵਿਸਮਾਦ
ਕੁਦਰਤ ਖੁਸ਼ੀ ਮਨਾਂਵਦੀ
ਹੋ ਰਹੀ ਫੁੱਲਾਂ ਦੀ ਬਰਸਾਤ
ਚੰਨ ਦੀ ਸੇਜਾ ਸਜ ਜਾਏ
ਆਵੇ ਐਸੀ ਰਾਤ
ਇਕ ਦੂਜੇ ਦੀ ਜੋਤੀ ਅੰਦਰ
ਜਗਣ ਸੂਰਜ ਕਈ ਹਜ਼ਾਰ
ਤਾਰੇ ਕਰਨ ਆਰਤੀ
ਗਗਨ ਹੋਵੇ ਜਿਉਂ ਥਾਲ
ਚੰਨ ਦੀ ਮਿੱਟੀ 'ਤੇ
ਪੈਰ ਪ੍ਰੇਮ ਦੇ ਧਰੀਏ
ਇਕ ਦੂਜੇ ਦੀ ਅਗਨ ਨੂੰ
ਪਹਿਲਾਂ ਅੱਖਾਂ ਰਾਹੀਂ ਹਰੀਏ
ਤੱਕਦੇ ਤੱਕਦੇ ਇਕ ਦੂਜੇ ਨੂੰ
ਬੀਤ ਜਾਣ ਕਈ ਸਾਲ
ਨਜ਼ਰਾਂ ਦੀ ਤ੍ਰੇਹ ਨਾ ਬੁਝੇ
ਹਰ ਪਲ਼ ਰਹੀਏ ਨਾਲ
ਸੋਨੇ ਰੰਗੀਆਂ ਕਿਰਨਾਂ ਨਾਲ
ਮੁੱਖ ਤੇਰਾ ਰੁਸ਼ਨਾਏ
ਏਨੇ ਤੇਜ਼ ਨੂੰ ਸੱਜਣੀਂ
ਕਿੰਝ ਕੋਈ ਹੋਠੀਂ ਲਾਏ
ਇਹ ਨਾ ਸੱਜਣ ਤੇਜ ਮੁੱਖ ਦਾ
ਇਹ ਤਾਂ ਤੇਰੀ ਛਾਇਆ
ਮੇਰੇ ਚਿਹਰੇ ਵਿਚੋਂ ਦਿਸਦੀ
ਤੈਨੂੰ ਆਪਣੀ ਕਾਇਆ
ਮੁੱਠੀਆਂ ਭਰ ਭਰ ਚਾਨਣੀ
ਤੇਰੇ ਜਿਸਮ 'ਤੇ ਦਿਆਂ ਬਿਖ਼ੇਰ
ਫਿਰ ਸਾਰੀ ਚਾਨਣੀ ਪੀ ਲਵਾਂ
ਡੀਕ ਲਾ ਕੇ ਇਕੋ ਵੇਰ
ਹੁਣ ਤੈਨੂੰ ਸੀਨੇ ਲਾ ਲਵਾਂ
ਕਰਾਂ ਨਾ ਪਲ਼ ਵੀ ਦੇਰ
10.
ਮਿਲਣ ਦੀ ਇਸ ਘੜੀ
ਇਕ ਦੂਜੇ ਦੇ ਮੱਥੇ 'ਤੇ
ਪਹਿਲਾ ਚੁੰਮਣ ਧਰੀਏ
ਆਪੋ ਆਪਣੀ ਅੱਗ
ਹੋਠਾਂ ਨੂੰ ਅਰਪਿਤ ਕਰੀਏ
ਕਈ ਸੇਜਾਂ ਹਰ ਦਿਨ ਸਜਦੀਆਂ
ਤੇ ਮਿਲਨ ਕਈ ਹਜ਼ਾਰ
ਇਕ ਲੋਅ ਦਾ
ਦੂਜੀ ਲੋਅ ਨਾਲ ਮਿਲਨ
ਹੋ ਰਿਹਾ ਪਹਿਲੀ ਵਾਰ
ਸੀਨੇ ਅੰਦਰ ਮੱਚਦੀ ਅੱਗ
ਇਕ ਦੂਜੇ ਦੇ ਸੀਨੇ ਪਾਈਏ
ਦੋਹਾਂ ਜਿਸਮਾਂ ਦੀ ਲਾਟ
ਫਿਰ ਨਾਭੀ ਵਿਚ ਜਗਾਈਏ
ਜਿਉਂ ਕੁੰਦਨ ਤੋਂ ਪਹਿਲਾਂ
ਸੋਨਾ ਅਗਨ ਦੀ ਭੱਠੀ ਪਾਈਏ
ਹੌਲੀ ਹੌਲੀ ਪਿਘਲਾ ਕੇ
ਫਿਰ ਕੁੰਦਨ ਇਹ ਬਣਾਈਏ
ਆ ਬਾਹਾਂ ਵਿਚ ਅਗਨ ਭਰਕੇ
ਹੋਠਾਂ ਸੰਗ ਹੋਂਠ ਛੁਆਈਏ
ਕੁੰਦਨ ਹੋ ਕੇ ਇਕ ਦੂਜੇ ਦੀ
ਲੋਅ ਵਿਚ ਪਿਘਲ ਜਾਈਏ
ਦੋ ਜਿਸਮਾਂ ਦੀ ਲੋਅ ਤੋਂ
ਇਕ ਜੋਤ ਹੋ ਜਾਈਏ...
.................................
11.
ਝੂਮ ਉੱਠੀ ਸਾਰੀ ਕੁਦਰਤ
ਨ੍ਰਿਤ-ਸੰਗੀਤ-ਗਾਣ
ਚਾਰੇ ਪਾਸੇ ਖੁਸ਼ੀਆਂ
ਹਰ ਸ਼ੈਅ ਰਹੀ ਮਾਣ
ਬਿਰਖ਼ਾਂ ਦੀ ਚਾਂਦੀ ਵਿਛ ਰਹੀ
ਧਰਤੇ 'ਤੇ ਆਣ
ਫੁੱਲ ਸੁਨਹਿਰੇ ਨੱਚ ਰਹੇ
ਲਾ ਕੇ ਪੂਰਾ ਤਾਣ
ਇਕ ਜੋਤੀ ਮਿਲ ਗਈ
ਦੂਜੀ ਜੋਤੀ ਨਾਲ
ਦੋ ਜਿਸਮ ਪਿਘਲ ਕੇ ਜਾ ਰਹੇ
ਇਕ ਦੁਨੀਆ ਤੋਂ ਪਾਰ