|
Saturday, December 5, 2009
Friday, July 10, 2009
KAVITA DE MARFAT
ਕੁਝ ਰਚਨਾਵਾਂ ਪੁਸਤਕ 'ਚੋਂ
ਮੈਂ ਤੋਂ ਖੁਦ ਤੀਕ
ਮੈਂ ਆਪਣੀ ਇਕੱਲ ਸੰਗ
ਨਿਕਲ ਤੁਰੀ ਸਾਂ
ਲੰਬੀ, ਖਾਮੋਸ਼ ਯਾਤਰਾ 'ਤੇ
ਹੁਣ ਪਰਤੀ ਹਾਂ
ਅਪੇ ਕੋਲ...ਨਜ਼ਮਾਂ ਕੋਲ
ਕਿੰਨੀਆਂ ਹੀ
ਭਟਕਣਾਂ, ਵਲਗਣਾਂ
ਤੇ ਉਲੰਘ ਕੇ
ਕਿੰਨੇ ਹੀ ਰਹੱਸ
ਜਾਣਿਆ ਹੈ
ਚੱਪਾ ਕੁ ਸੱਚ-
"ਮੈਂ ਤੋਂ ਆਪੇ ਤੱਕ ਵੀ
ਹੈ ਇਕ ਸਫ਼ਰ
ਕਿੰਨਾ ਕੁਝ ਸਿੱਖਦਾ
ਆਪੇ ਤੋਂ ਮਨੁੱਖ
ਅੰਦਰ ਹੀ ਅੰਦਰ
ਹੋਵੇ ਇਕ ਲੋਅ
ਮੈਂ ਤੇ ਆਪਾ
ਹੋਈਏ ਜਿਵੇਂ ਦੋ
ਮਿਰਗ ਅੰਦਰ
ਕਸਤੂਰੀ ਦੀ ਖ਼ੁਸ਼ਬੋ..."
ਉਲੰਘ ਕੇ
ਕਿੰਨੇ ਹੀ ਰਹੱਸ
ਜਾਣਿਆ ਹੈ
ਇਹ ਚੱਪਾ ਕੁ ਸੱਚ!
ਖ਼ੁਸ਼ਆਮਦੀਦ
ਮੈਂ ਹਾਂ ਕਵਿਤਾ
ਤੇਰੇ ਦੁਆਰ ਖੜ੍ਹੀ
ਕਿੰਨੇ ਹੀ ਸ਼ਬਦ ਨੇ
ਮੇਰੇ ਕਟੋਰੇ 'ਚ
ਜੋ ਲੈ ਆਈ ਹਾਂ ਤੇਰੇ ਕੋਲ
ਤੈਨੂੰ ਤਾਂ ਬਲ ਹੈ
ਲਿਬਾਸ ਪਹਿਨਣ ਦਾ
ਬੜਾ ਕੁਝ ਓੜਨ ਦਾ, ਸਾਂਭਣ ਦਾ
ਤੂੰ ਇਹ ਸਭ ਸਾਂਭ ਲੈ
ਤੇ ਖਾਲੀ ਕਰ ਦੇ
ਮੇਰਾ ਇਹ ਕਟੋਰਾ...
ਮੇਰਾ ਸਫ਼ਰ ਹਮੇਸ਼ਾਂ ਹੀ
ਮੇਰੇ ਮਨ ਦੀ ਦਹਿਲੀਜ਼ ਤੋਂ
ਤੇਰੇ ਦਰ ਤੀਕਰ ਹੁੰਦਾ
ਤੇ ਹਲਕੀ ਹੋ ਮੁੜ ਪੈਂਦੀ
ਆਪਣੇ ਦੁਆਰ ਵੱਲ
ਲੋਕਾਂ ਨੂੰ ਝੋਲੀਆਂ
ਭਰਨਾ ਪਸੰਦ ਏ
ਪਰ ਮੈਨੂੰ
ਤੇਰੇ ਕੋਲ ਆ ਖ਼ਾਲੀ ਹੋਣਾ
ਅੰਤਾਂ ਦਾ ਸਕੂਨ ਦਿੰਦਾ
ਮੈਂ ਦੁਖਦਾਈ ਸ਼ਬਦ...
ਕੌੜੇ ਬੋਲ...
ਤੜਪਦੇ ਹਰਫ਼...
ਤਲਖ਼ ਤਜੁਰਬੇ...
ਲੈ ਆਉਂਦੀ ਹਾਂ ਤੇਰੇ ਕੋਲ
ਤੇ ਤੂੰ ਹਮੇਸ਼ਾਂ ਹੀ
ਮੈਨੂੰ ਖ਼ੁਸ਼ਆਮਦੀਦ ਆਖ
ਸਮੋ ਲੈਂਦੀ ਏਂ ਆਪਣੇ ਅੰਦਰ
ਕਈ ਵਾਰ ਸੋਚਦੀ ਹਾਂ
ਜੇ ਤੇਰਾ ਦਰ ਵੀ ਨਾ ਹੋਵੇ
ਤਾਂ ਕਿਸ ਰਿਖ਼ੀ ਦਾ
ਦਰ ਖੜਕਾਵਾਂ
ਜੋ ਮੇਰੇ ਸਾਰੇ
ਆਹਿਸਾਸਾਂ, ਜਜ਼ਬਾਤਾਂ ਨੂੰ
ਖੁਸ਼ਆਮਦੀਦ ਆਖੇ ! ?!
ਨਜ਼ਮਾਂ ਆਉਂਦੀਆਂ
ਨਜ਼ਮਾਂ ਆਉਂਦੀਆਂ
ਪੰਛੀ ਬਣਦੀਆਂ
ਪੋਟਿਆਂ 'ਤੇ ਬਹਿੰਦੀਆਂ
ਕਲਮਾਂ 'ਚ ਲਹਿੰਦੀਆਂ
ਮਨ ਦੇ ਬਨੇਰੇ ਤੋਂ
ਕਦੇ ਫ਼ੁਰਰ ਉੱਡ ਜਾਂਦੀਆਂ...
ਨਜ਼ਮਾਂ ਆਉਂਦੀਆਂ
ਸਾਜ਼ ਬਣਦੀਆਂ
ਉਂਗਲਾਂ ਹਿੱਲਦੀਆਂ
ਤਾਰਾਂ ਛਿੜਦੀਆਂ
ਡੂੰਘੇ ਪਾਣੀ ਹਿੱਲਦੇ
ਤਰੰਗਾਂ ਬਣਦੀਆਂ
ਸਮੁੰਦਰਾਂ ਤੀਕ ਫ਼ੈਲ ਜਾਂਦੀਆਂ...
ਨਜ਼ਮਾਂ ਆਉਂਦੀਆਂ
ਹੋਠਾਂ 'ਤੇ ਨੱਚਦੀਆਂ
ਜ਼ਿਹਨ 'ਚ ਥਿੜਕਦੀਆਂ
ਧੜਕਣਾਂ ਰਿੜਕਦੀਆਂ
ਲੋਕ ਬੋਲ ਬਣਦੀਆਂ
ਮਨਾਂ 'ਚ ਲਹਿ ਜਾਂਦੀਆਂ
ਬੜਾ ਕੁਝ ਕਹਿ ਜਾਂਦੀਆਂ
ਨਜ਼ਮਾਂ ਆਉਂਦੀਆਂ
ਸੁੱਚ ਦਿੰਦੀਆਂ
ਮੁਹੱਬਤਾਂ ਵੰਡਦੀਆਂ
ਮਹਿਕਾਂ ਖਿੰਡਦੀਆਂ
ਕੋਲੋਂ ਲੰਘਦੀਆਂ
ਕਾਇਨਾਤ 'ਚ ਸਮਾ ਜਾਂਦੀਆਂ
ਇਹ ਪੂਰੀ ਕੁਦਰਤ ਹੀ ਹੋ ਜਾਂਦੀਆਂ...
ਨਜ਼ਮਾਂ ਜਦ ਵੀ ਆਉਂਦੀਆਂ
ਇਹ ਜ਼ਿੰਦਗੀ ਬਣ ਜਾਂਦੀਆਂ
ਇਹ ਜ਼ਿੰਦਗੀ ਬਣ ਜਾਂਦੀਆਂ
ਨਜ਼ਮਾਂ ਜਦ ਵੀ ਆਉਂਦੀਆਂ।
ਤ੍ਰਿਪਤੀ
ਕਣੀਆਂ ਉੱਤਰੀਆਂ
ਮਿੱਟੀ ਮਹਿਕੀ
ਮਨ ਦੀ ਤਨ ਦੀ
ਫ਼ੈਲੀ ਸੁਗੰਧ
ਕਣ-ਕਣ, ਰੋਮ-ਰੋਮ, ਤੇਰੀ ਹੋਂਦ
ਹਵਾ ਚੱਲੀ, ਰੁੱਤ ਟਹਿਕੀ
ਫੁੱਲ ਖਿੜੇ
ਪੱਤਿਆਂ ਦੇ ਗੀਤ ਛਿੜੇ
ਮੇਰੇ ਅੰਦਰ ਵੀ ਹੈ ਕੁਦਰਤ
ਝਰਨੇ ਵਗਣ, ਤਾਰੇ ਜਗਣ
ਸੂਰਜ ਦਗਣ
ਚੰਨ ਹੱਸੇ, ਦਿਲ ਵਿਚ ਵੱਸੇ
ਦੇਹੀ ਨੱਚੇ
ਕਲਾ ਜਾਗੇ
ਮੁਦਰਾਵਾਂ ਰਚੇ
ਖੋਲ੍ਹੇ ਬਾਹਾਂ
ਭਰੇ ਅਕਾਸ਼
ਵਾਂਗ ਸਮੁੰਦਰ
ਡੂੰਘਾ ਅਹਿਸਾਸ...
........................
ਮੇਰੇ ਮਨ ਦੀ ਸਿੱਪੀ
ਤੇਰੇ ਇਸ਼ਕ ਦਾ ਮੋਤੀ
ਰਹੀ ਨਾ ਕੋਈ ਹੋਰ ਪਿਆਸ
ਕਵਿਤਾ ਦੇ ਮਾਰਫ਼ਤ
ਇਕਾਂਤ 'ਚ ਹੁੰਦੀ
ਮੈਂ ਸਹਿਜ ਰਹਿੰਦੀ
ਕਵਿਤਾ ਅਉਂਦੀ
ਠੁਮਕ ਠੁਮਕ
ਹੱਥਾਂ ਨੂੰ ਛੂੰਹਦੀ
ਕਾਗਜ਼ਾਂ 'ਤੇ ਤੁਰਦੀ
ਮਨ 'ਚ ਲਹਿੰਦੀ
ਕਈ ਕੁਝ ਕਹਿੰਦੀ
ਰੁੱਤਾਂ ਬਾਰੇ
ਮਨੁੱਖਾਂ ਬਾਰੇ
ਬਿਰਖ਼ਾਂ ਬਾਰੇ
ਪਿਰਤਾਂ ਬਾਰੇ
ਅਡੋਲ ਪਾਣੀਆਂ ਨੂੰ ਵੇਂਹਦੀ
ਮੈਂ ਸਹਿਜ ਰਹਿੰਦੀ
ਕੋਈ ਆਉਂਦਾ
ਮਨ ਅੰਦਰ ਵਾਵਰੋਲਾ ਉੱਠਦਾ
ਤੂਫ਼ਾਨ ਜਿਹਾ ਸ਼ੋਰ ਮੱਚਦਾ
ਪਾਣੀ 'ਚ ਆ ਪੱਥਰ ਸੁੱਟਦਾ
ਮੇਰਾ ਤੇ ਕਵਿਤਾ ਦਾ
ਰਾਬਤਾ ਟੁੱਟ ਜਾਂਦਾ
ਸੰਵਾਦ ਮੁੱਕ ਜਾਂਦਾ
ਫੁੱਲਕਾਰੀ
ਜੀਵਨ ਦਾ ਜੋ ਕਾਲਾ ਰੰਗ
ਮੇਰੇ ਹਿੱਸੇ ਆਇਆ
ਉਸ ਉੱਤੇ ਵੀ ਕੱਢ ਦਿੱਤੀ
ਮੈਂ ਮੁਹੱਬਤ ਦੀ ਫੁੱਲਕਾਰੀ
ਤੇ ਭਰ ਦਿੱਤੇ ਸੂਹੇ ਰੰਗ...
ਹਰਫ਼ ਹਰਫ਼ ਕਵਿਤਾ
ਉਹ ਜਦ
ਉਦਾਸ ਹੋ ਜਾਵੇ
ਕਵਿਤਾ ਕੋਲ ਆਵੇ
ਹਾਣ ਦੇ ਆਪਣੇ
ਸ਼ਬਦ ਚੁਣੇ
ਮੋਤੀ ਆਖੇ
ਮਨ ਦੇ ਆਪਣੇ
ਨੇੜੇ ਲਾਵੇ
ਹਾਰ ਬਣਾਵੇ
ਗਲ਼ ਵਿਚ ਪਾਵੇ
ਬਿਰਹੋਂ ਨੂੰ ਉਹ
ਸੀਨੇ ਲਾਵੇ
ਦਰਦ ਸੁਣਾਵੇ
ਉਡੀਕ ਬਣ ਜਾਵੇ...
ਕਵਿਤਾ ਉਸ ਅੰਦਰ ਉੱਤਰੇ
ਜਾਂ ਕਵਿਤਾ ਅੰਦਰ
ਉਹ ਉੱਤਰ ਜਾਵੇ
ਸਮਝ ਨਾ ਪਾਵੇ
ਜਦ ਵੀ ਉਹ
ਉਦਾਸ ਹੋ ਜਾਵੇ
ਕਵਿਤਾ ਕੋਲ ਆਵੇ
http://digital.vidhapunjabi.in/nandan1.html
SHAHEED BHAGAT SINGH ANTHAK JEEVAN GATHA
CHUPP DE RANG
ਤੂੰ ਚੰਨ ਕੋਲ ਬੈਠ
ਬਾਂਸਰੀ ਵਜਾਈਂ
ਮੈਂ ਰਿਸ਼ਮਾਂ ਦੀ ਲੋਏ
ਕਵਿਤਾ ਲਿਖਾਂਗੀ....
ਕਵਿਤਾ 'ਚ ਜ਼ਿਕਰ ਕਰਾਂਗੀ
ਰਾਤੀਂ ਵੇਖੇ ਸੁਪਨੇ ਦਾ
ਸੁਪਨੇ 'ਚ ਆਈਆਂ
ਪੰਖੜੀਆਂ ਦਾ
ਜਿਨ੍ਹਾਂ ਮੈਨੂੰ ਇੰਝ ਛੋਹਿਆ
ਕਿ ਵੱਜ ਉੱਠੇ ਸਾਜ਼
ਕੱਸੀਆਂ ਗਈਆਂ ਤਾਰਾਂ
ਵਹਿ ਤੁਰਿਆ ਸੰਗੀਤ
ਅਨਹਦ ਨਾਦ.....
......................
ਬਾਂਸੁਰੀ 'ਚੋਂ ਨਿਕਲੇ ਸੁਰ
ਤੁਰਨ ਲੱਗੇ
ਮੇਰੇ ਕਾਗਜ਼ਾਂ ਉੱਪਰ
ਕਵਿਤਾ ਦੇ ਹਰਫ਼ਾਂ ਨਾਲ
ਹੋ ਇਕ ਮਿੱਕ
ਕਰਨ ਲੱਗ ਪਏ ਨਿ੍ਤ
ਤੂੰ ਚੰਨ ਦੀ ਬਾਹੀ ਕੋਲੋਂ
ਉੱਠ ਖਲੋਇਆ
ਤੇ ਮੈਂ ਵੀ ਇਕ ਪਾਸੇ
ਧਰ ਦਿੱਤੀ ਕਲਮ....
ਤਾਰੇ ਚਾਨਣ ਨਾਲ
ਲੁਕਣ ਮੀਟੀ ਖੇਡਦੇ
ਹੋ ਗਏ ਅਲੋਪ
ਚੰਨ ਵੀ ਸਰਕਦਾ-ਸਰਕਦਾ
ਜਾ ਲੁਕਿਆ
ਪ੍ਰਭਾਤ ਦੇ ਆਗੋਸ਼ 'ਚ
ਬੀਤ ਗਿਆ ਰਾਤ ਦਾ
ਆਖ਼ਿਰੀ ਪਹਿਰ
ਬਾਂਸੁਰੀ ਨੇ ਪੁੱਛਿਆ ਕਲਮ ਨੂੰ
"ਕੀ ਅੱਜ ਰਾਤ ਵੀ
ਹੋਏਗੀ ਮੁਲਾਕਾਤ...?"
ਬਲਦੇ ਦੀਪ ਵੱਲ
ਨਿਹਾਰਦਾ ਹਾਂ
ਉਡੀਕ ਨੂੰ ਅੱਖਾਂ 'ਚ
ਉਤਾਰਦਾ ਹਾਂ
ਸ਼ਾਇਦ ਉਹ
ਆ ਹੀ ਜਾਏਗੀ
ਪੌਣਾਂ ਨਾਲ ਰਲ਼ ਕੇ
ਅਛੋਪਲੇ ਜਿਹੇ
ਮਲਕੜੀ ਮੁਸਕਣੀ
ਚਿਹਰੇ 'ਤੇ ਬਿਖ਼ੇਰਦੀ
ਮੈਨੂੰ ਅਚੰਭਿਤ ਕਰਨ
ਬਿਨਾਂ ਦਸਤਕ ਕੀਤਿਆਂ
ਲੰਘ ਆਏਗੀ ਬੂਹਾ
ਜਿਵੇਂ ਕੋਈ ਆਉਂਦਾ ਹੈ
ਆਪਣੇ ਹੀ ਘਰ ਅੰਦਰ...
ਉਡੀਕ ਦੀ ਕੰਨੀ ਛੁੱਟੇਗੀ
ਬਿਰਹਾ ਦੀ ਘੜੀ ਮੁੱਕੇਗੀ
ਮਨ ਦੀ ਖਿੜਕੀ ਖੁੱਲ੍ਹੇਗੀ
ਹੋਏਗਾ ਚਾਨਣ ਚਾਨਣ
ਉਹਦੀਆਂ ਬਾਹਾਂ 'ਚ
ਫ਼ੈਲਿਆ ਸੰਸਾਰ
ਇਵੇਂ ਭਰ ਜਾਏਗਾ
ਹਰ ਸ਼ੈਅ ਅੰਦਰ
ਜਿਵੇਂ ਅੱਖਾਂ 'ਚ
ਭਰ ਜਾਂਦਾ ਸੁਪਨਾ
ਪੌਣ 'ਚ ਘੁਲ ਜਾਂਦੀ ਮਹਿਕ
ਜਿਸਮ 'ਚ ਤੁਰਦੀ ਊਰਜਾ
ਬੂੰਦ ਅੰਦਰ ਸਿਮਟਦਾ ਪਾਣੀ
ਇਵੇਂ ਹੀ ਸਮੇਟ ਲਵਾਂਗਾ ਉਸਨੂੰ
ਮੈਂ ਆਪਣੇ ਅੰਦਰ.....।
ਉਹ ਕਿਵੇਂ ਲੰਘ ਆਏਗੀ ਬੂਹਾ
ਬਿਨਾਂ ਦਸਤਕ ਕੀਤਿਆਂ
ਜਿੱਥੇ ਪਹਿਲਾਂ ਹੀ
ਕਿਸੇ ਦੀਆਂ ਪੈੜਾਂ
ਮੌਜੂਦ ਹਨ...
ਅੰਦਰ ਜਗਦਾ ਚਿਰਾਗ
ਘੂਰੀ ਵੱਟੇਗਾ
ਪੁਰਖਿਆਂ ਦੀ
ਮਰਿਆਦਾ ਦੀ
ਗੱਲ ਦੱਸੇਗਾ-
'ਮੀਰਾਂ ਵੀ ਤਾਂ
ਵੈਰਾਗਣ ਸੀ
ਪਰ ਦਹਿਲੀਜ਼ ਤੋਂ ਬਾਹਰ
ਪ੍ਰੇਮ ਗੀਤ ਗਾਉਂਦੀ ਸੀ
ਭਾਉਂਦੀ ਸੀ....'
ਮੀਰਾਂ ਹੋਣ ਲਈ
ਦਰਵਾਜ਼ੇ ਵਰਜਿਤ ਨੇ
ਪੈਂਡੇ ਨੂੰ ਪੈਰੀਂ
ਬੰਨ੍ਹਣਾ ਪੈਂਦਾ
ਤੇ ਅੰਦਰਲਾ ਖ਼ਲਾਅ
ਵਿਗੋਚੇ 'ਚ ਲਿਖੀਆਂ
ਨਜ਼ਮਾਂ ਨਾਲ ਹੀ ਭਰਨਾ ਪੈਂਦਾ.....।
ਕੇਹੀ ਲੀਲ੍ਹਾ ਹੈ
ਕਿ ਉਡੀਕ ਨਾਲ
ਰਿਸ਼ਤਾ ਪੀਡਾ ਹੈ
ਨਾ ਬਿਰਹੋਂ ਦੀ
ਰੁੱਤ ਮੁੱਕਦੀ ਹੈ
ਨਾ ਸਾਉਣ ਮਹੀਨਾ
ਚੜ੍ਹਦਾ ਹੈ
ਨਾ ਕੋਈ ਮੇਘਲਾ
ਵਰ੍ਹਦਾ ਹੈ
ਪੌਣ ਵੀ ਪਿੰਡਾ
ਲੂੰਹਦੀ ਹੈ
ਮਨ ਦੀ ਤ੍ਰੇਹ
ਹੋਠਾਂ ਤੀਕ ਆਉਂਦੀ ਹੈ
ਦੂਰ ਯੋਗੀ ਦੀ ਕੁਟੀਆ ਹੈ
ਅੰਦਰ ਕੁੰਭ ਧਰਿਆ ਹੈ
ਕੁੰਭੇ ਜਲ਼ ਭਰਿਆ ਹੈ
ਸਿਰਲੱਥ ਪੈਂਡਾ ਝੱਖਿਆ ਹੈ
ਤਾਂ ਕੁਟੀਆ ਦਾ ਦਰ ਲੱਭਿਆ ਹੈ
ਪਰ ਯੋਗੀ ਦੀ ਬਿਰਤੀ ਲੱਗੀ ਹੈ
ਨਾ ਤਪ ਮੁੱਕਦਾ ਹੈ
ਨਾ ਦੁਆਰ ਖੁੱਲ੍ਹਦਾ ਹੈ
ਨਾ ਜਲ਼ ਮਿਲਦਾ ਹੈ...
ਮਨ ਬਿਹਬਲ ਹੈ
ਤੜਪਦਾ ਹੈ
ਜਿਉਂ ਪਪੀਹਾ
ਇਕ ਬੂੰਦ ਨੂੰ
ਤਰਸਦਾ ਹੈ....।
ਭਾਵੁਕ ਜਿਹੇ ਪਲਾਂ ਦੀ 'ਸੋਚ'
ਸ਼ਬਦਾਂ ਦਾ 'ਨਾਪਤੋਲ'ਅਲੰਕਾਰਾਂ ਦੀ 'ਵਰਤੋਂ '
ਤੇ ਬਿੰਬਾਂ ਦੀ 'ਸਿਰਜਣਾ'
ਤੋਂ ਵੱਧ ਵੀ ਹੈ 'ਕਵਿਤਾ'
ਗੁੜ੍ਹੀ ਰਾਤੇ ਦੇ ਮੱਥੇ 'ਤੇ
ਚੰਮਕਦਾ 'ਚੰਨ'
ਅਸਮਾਨ 'ਤੇ ਪਈ 'ਸਤਰੰਗੀ'
ਮਿੱਟੀ 'ਚੋਂ ਫੁੱਟਦੇ 'ਬੀਜ'
ਅੰਬਾਂ 'ਤੇ ਬੋਲਦੀ 'ਕੋਇਲ'
ਮਾਂ ਦੇ ਸੀਨੇ ਨਾਲ ਲੱਗਿਆ 'ਬਾਲ'
.................................
ਹਰ ਉਹ ਸ਼ੈਅ
ਜਿੱਥੇ ਸਿਰਜਣਾ ਹੈ
ਸੂਖ਼ਮ ਅਹਿਸਾਸ ਹੈ
ਉੱਗਦੇ ਦਿਨ ਜਿਹੀ ਆਸ ਹੈ
ਸੀਨੇ 'ਚ ਧੜਕਦਾ ਸਾਹ ਹੈ
ਮੇਰੇ ਲਈ ਇਹ ਕਵਿਤਾ ਹੈ
ਅਸੀਂ ...ਜੋ
ਸਦੀਆਂ ਪਹਿਲਾਂ
ਕਰਕੇ ਆਤਮਘਾਤ
ਹੋ ਗਏ ਸੀ
ਬੁੱਤਾਂ 'ਚ ਤਬਦੀਲ
ਹੁਣ ਫਿਰ ਤੋਂ
ਬਣ ਰਹੇ ਹਾਂ
ਜੀਵਤ ਮਨੁੱਖ!
ਅਸੀਂ...ਜੋ
ਦੁਬਕ ਕੇ ਬੈਠ ਗਏ ਸੀ
ਆਪਣੇ ਘਰਾਂ ਦੀਆਂ
ਉੱਚੀਆਂ ਦੀਵਾਰਾਂ ਅੰਦਰ
ਹੁਣ ਹੱਥਾਂ 'ਚ ਫੜ ਮਸ਼ਾਲਾਂ
ਖੜ੍ਹੇ ਹਾਂ ਤੁਰਨ ਲਈ
ਤਿਆਰ-ਬਰ-ਤਿਆਰ
ਅਸੀਂ...ਜਿਨ੍ਹਾਂ
ਮਹਾਂਭਾਰਤ ਦੇ
ਅੰਦੇਸ਼ੇ ਕਾਰਨ ਹੀ
ਬੰਨ੍ਹ ਲਈ ਸੀ ਅੱਖਾਂ 'ਤੇ ਪੱਟੀ
ਹੁਣ ਮਿਆਨਾਂ 'ਚੋਂ ਕੱਢ ਸ਼ਮਸ਼ੀਰਾਂ
ਤੁਰ ਪਏ ਹਾਂ
ਮਹਾਂਯੁੱਧ ਦੇ ਬਨਣ ਨਾਇਕ
ਅਸੀਂ...ਜਿਨ੍ਹਾਂ
ਬਹੁਤ ਚਿਰ ਹੋਇਆ
ਤਿਆਗ ਦਿੱਤਾ ਸੀ
ਸੂਰਜਾਂ ਦਾ ਮੋਹ
ਹੁਣ ਤਲੀਆਂ 'ਤੇ ਬਾਲ ਦੀਪ
ਲੜ ਰਹੇ ਹਾਂ
ਹਨੇਰਿਆਂ ਖ਼ਿਲਾਫ਼....
ਅਸੀਂ......
ਤੇਰੀ ਕਾਇਆ ਮੇਰੇ ਸ਼ਬਦ (ਲੰਮੀ ਕਵਿਤਾ)
ਖੰਡ-1
1.
ਮੇਰਾ ਮੈਂ
ਆਖ ਰਿਹਾ ਮੈਨੂੰ
ਹੇ ਮਨਾ!
ਧਿਆਨ ਧਰ
ਪੈਰਾਂ ਨਾਲ ਬੰਨ੍ਹ ਸਫ਼ਰ
ਤੁਰਨ ਦੀ ਕਰ
ਦੂਰ ਦੁਮੇਲ ਤੋਂ ਪਾਰ
ਦੁਨੀਆ ਦਾ ਜੋ ਰੰਗ
ਉਸਨੂੰ ਮਾਨਣ ਲਈ ਚੱਲ
ਸਫ਼ਿਆਂ ਉੱਪਰ
ਵਿਛੇ ਪਏ ਯੁੱਗਾਂ ਯੁਗੰਤਰ
ਉਨ੍ਹਾਂ ਯੁੱਗਾਂ ਦੀ
ਕਰਨ ਪਰਿਕਰਮਾ
ਚਲ ਮਨਾ
ਦਿਸਹੱਦੇ ਤੋਂ ਪਾਰ
ਅੱਖਰਾਂ ਦਾ ਸੰਸਾਰ
ਕਰ ਰਿਹਾ ਇੰਤਜ਼ਾਰ...।
2.
ਕਦਮਾਂ ਹੇਠ
ਪੈਂਡਾ-ਦਰ-ਪੈਂਡਾ
ਘਣਾ ਜੰਗਲ ਬੇਲਾ
ਸੁਰਮਈ ਨਦੀਆਂ
ਸਮੁੰਦਰ ਵੱਲ ਸਫ਼ਰ
ਸਮੁੰਦਰੋਂ ਤੁਰ ਕੇ
ਮਾਰੂਥਲ ਪਾਰ ਕਰ
ਆ ਪਹੁੰਚਿਆ
ਦਿਸਹੱਦੇ ਤੀਕਰ...
ਹਰਫ਼-ਹਰਫ਼
ਨਜ਼ਮ-ਨਜ਼ਮ
ਸ਼ਬਦਾਂ ਦਾ ਫੈਲਿਆ ਸੰਸਾਰ...
3.
ਹੇ ਮੁਨੀਵਰ! ਸਵਾਗਤ ਹੈ
ਸ਼ਬਦਾਂ ਦੇ ਦੁਆਰ
ਉਸ ਦੁਨੀਆਂ ਤੋਂ ਆਏ ਹੋ
ਇਸ ਪਾਰ
ਅਸੀਂ ਸਿਰਜਾਂਗੇ ਤੇਰੇ ਅੱਗੇ
ਇਕ ਨਵਾਂ ਸੰਸਾਰ
ਸਾਡੇ ਅੰਦਰ ਛੁਪੇ ਬੈਠੇ
ਕਈ ਰੰਗ- ਹਜ਼ਾਰ
ਇਹ ਤੇਰੀ ਬੁੱਧੀ ਉੱਪਰ
ਹਰ ਸ਼ੈਅ ਨਿਰਭਰ
ਤੂੰ ਕੀ ਖੋਜੇਂ
ਸਾਡੇ ਅੰਦਰੋਂ
ਤਿਤਲੀ ਵਾਲੀ ਅੱਖ ਲੈ ਕੇ
ਜੇ ਦੇਖ ਸਕੇ ਤਾਂ ਦੇਖ
ਕਾਲੇ ਜਿਸਮਾਂ ਅੰਦਰ ਲੁਕੇ
ਕਈ ਰੰਗਾਂ ਦੀ ਬਹਾਰ
ਹੇ ਮੁਨੀਵਰ!
ਸਵਾਗਤ ਹੈ
ਸ਼ਬਦਾਂ ਦੇ ਦੁਆਰ
4.
ਮੈਂ ਜੋ ਸੀ
ਹੁਣ ਅਦਨਾ-ਅਦਨਾ
ਲੱਗ ਰਿਹਾ ਹਾਂ
ਅੱਖਰ-ਅੱਖਰ
ਪੜ੍ਹ ਰਿਹਾ ਹਾਂ
ਰੌਸ਼ਨ ਰੌਸ਼ਨ ਆਪਣੇ ਅੰਦਰ
ਕੁਝ ਨਾ ਕੁਝ
ਧਰ ਰਿਹਾ ਹਾਂ
ਦੂਰ ਜੋ ਦੀਵਾ ਜਗਦਾ ਸੀ
ਹੁਣ ਮੇਰੇ ਮੱਥੇ ਅੰਦਰ
ਬਲ ਰਿਹਾ ਹੈ
ਉਸ ਮੱਥੇ ਤੋਂ
ਇਸ ਮੱਥੇ ਅੰਦਰ
ਸੰਚਾਰ ਕੋਈ ਚੱਲ ਰਿਹਾ ਹੈ
ਉਸ ਮੱਥੇ ਦੀ ਖੋਜ 'ਚ
ਮਨ ਦੀ ਰੇਤਾ 'ਤੇ
ਕੋਈ ਨਕਸ਼ ਲੱਭ ਰਿਹਾ ਹਾਂ
ਕੀ ਹੈ ਰਿਸ਼ਤਾ
ਮੇਰਾ ਤੇ ਉਹਦਾ
ਜੋ ਦੀਵੇ ਰਾਹੀਂ
ਜਗ ਰਿਹਾ ਹੈ...?
5.
ਤਿਤਲੀ ਵਾਲੀ ਅੱਖ 'ਚੋਂ
ਮੈਂ ਦੇਖਾਂ
ਕੁਦਰਤ ਦੇ ਜਿਸਮ 'ਤੇ
ਰੁੱਤਾਂ ਦਾ ਸ਼ਿੰਗਾਰ
ਪੱਤੀਆਂ ਪੁੰਗਰਨ
ਫੁੱਲ ਖਿੜਨ
ਜੋਬਨ ਮਾਨਣ
ਤੇ ਝੜ ਜਾਣ
ਸਭ ਕੁਝ ਸ਼ਾਂਤ
ਚੁੱਪ ਚੁਪੀਤੇ ਬਦਲੀ ਜਾਏ
ਇਕ ਰੁੱਤ ਆਏ
ਦੂਜੀ ਚਲੀ ਜਾਏ
ਕੁਦਰਤ ਦੇ ਅੰਦਰ
ਰੰਗ ਕਈ ਹਜ਼ਾਰ
ਮੈਂ ਮਾਣਾਂ, ਮੈਂ ਦੇਖਾਂ
ਮੈਂ ਰੰਗਾਂ 'ਚ
ਰੰਗ ਜਾਵਾਂ
ਮੈਂ ਇਸ ਰੰਗਾਂ ਦੀ
ਦੁਨੀਆਂ ਅੰਦਰ
ਖੁਦ ਇਕ ਰੰਗ ਹੋ ਜਾਵਾਂ
ਰੰਗ ਵਿਚ ਸਮੋਇਆ
ਕੁਦਰਤ ਦਾ ਸੰਸਾਰ...
6.
ਕੁਦਰਤ ਨਾਲ
ਮੇਰਾ ਅੰਦਰ
ਕਿੰਨਾ ਸੁਰ-ਤਾਲ
ਨਾ ਕੁਝ ਟੁੱਟਿਆ
ਨਾ ਕੁਝ ਭੱਜਿਆ
ਨਾ ਹੀ ਕੋਈ
ਆਈ ਅਵਾਜ਼
ਕਿੱਥੋਂ ਕਿੱਥੋਂ
ਪਹੁੰਚ ਗਿਆਂ ਹਾਂ
ਮੇਰੇ ਅੰਦਰ
ਹਰ ਸ਼ੈਅ-ਨਿਰੰਤਰ
ਉੱਸਲ ਵੱਟੇ ਲੈਂਦੀ ਹੈ
ਅੰਦਰ- ਅੰਦਰ
ਇਕ ਤਬਦੀਲੀ
ਚੁੱਪ-ਚੁਪੀਤੇ
ਹੁੰਦੀ ਰਹਿੰਦੀ ਹੈ
7.
ਤੀਖਣ ਤ੍ਰਿਸ਼ਨਾ
ਮਨ 'ਚ ਲੈ ਕੇ
ਆਦਿ-ਸ਼ਬਦ ਤੋਂ
ਤੁਰਿਆ ਹਾਂ
ਖੋਜਣ ਅੰਦਰਲਾ ਬ੍ਰਹਿਮੰਡ
ਬ੍ਰਹਿਮੰਡ 'ਚ ਪਏ
ਕਈ ਸੂਰਜ-ਮੰਡਲ
ਲੱਖਾਂ ਤਾਰੇ
ਧਰਤ ਅਕਾਸ਼
ਊਰਜਾ ਦਾ ਪ੍ਰਵਾਹ
ਨਸ-ਨਸ ਅੰਦਰ
ਲਹੂ ਦਾ ਵਹਾਅ
ਕਤਰਾ-ਕਤਰਾ
ਮੇਰੇ ਅੰਦਰ
ਕਈ ਕੁਝ ਜੁੜਿਆ ਹੈ
ਆਪਣੇ ਆਪ ਨੂੰ ਜਾਨਣ
ਮੈਂ ਅੱਖਰਾਂ ਦੀ ਨਗਰੀ
ਮੁੜਿਆ ਹਾਂ
8.
ਮੇਰ ਨਗਰ ਦੇ ਲੋਕੀਂ
ਚਿਹਰੇ ਉੱਪਰ
ਚਿਹਰਾ ਪਾ ਕੇ ਜਿਉਂਦੇ ਲੇ
ਪੈਸੇ ਪਿੱਛੇ ਭਾਉਂਦੇ ਨੇ
ਚਾਂਦੀ ਸੋਨੇ ਦੀ
ਭਾਸ਼ਾ ਸਮਝਣ
ਕੁਦਰਤ ਦੀ ਦੌਲਤ ਤੋਂ
ਦੂਰ ਕਿੱਧਰੇ ਭਟਕੀ ਜਾਵਣ
ਸ਼ੀਸ਼ਾ ਤੱਕਣ
ਨਜਸ਼ ਢੂੰਡਣ
ਫਿਰ ਹਨੇਰੇ ਵਿਚ
ਗੁੰਮ ਹੋ ਜਾਵਣ
ਨੇਰ੍ਹਿਆਂ ਦੇ ਸ਼ਹਿਰ
ਪੱਥਰਾਂ ਦੇ ਘਰੀਂ
ਤਨਾਂ ਦੇ ਉੱਜਲੇ
ਮਨਾਂ ਦੇ ਕਾਲੇ ਲੋਕੀਂ
ਪੱਥਰ ਬਣ ਕੇ ਰਹਿੰਦੇ ਨੇ
9.
ਮੈਂ ਤੁਰ ਆਇਆ
ਮੱਥੇ ਦੀ ਲੋਅ ਦਾ
ਦੂਜੀ ਲੋਅ ਨਾਲ
ਰਿਸ਼ਤਾ ਢੂੰਡਣ
ਇਕ ਜੋਤੀ ਮੇਰੇ ਅੰਦਰ ਜਗਦੀ
ਇਕ ਜੋਤੀ ਕਿਤੇ ਹੋਰ...
ਦੋਹਾਂ ਦੀ ਅਗਨ ਅਧੂਰੀ
ਮੈਂ ਉਸ ਅਗਨ ਨੂੰ
ਆਪਣੀ ਅਗਨ ਨਾਲ
ਮਿਲਾਉਣ ਆਇਆ ਹਾਂ
ਉਸ ਅਗਨ ਦੀ
ਥਾਹ ਪਾਉਣ ਆਇਆ ਹਾਂ...
10.
ਨਜ਼ਮਾਂ ਦੇ ਅੰਦਰ
ਮੌਨ ਦੀ ਭਾਸ਼ਾ 'ਚੋਂ
ਅਰਥਾਂ ਦੇ ਪਾਰ
ਕੋਈ ਡੂੰਘਾ-ਡੂੰਘਾ
ਲੱਥ ਰਿਹਾ ਹੈ
ਸ਼ਬਦਾਂ ਦੇ ਸਮੁੰਦਰ
ਲਾ ਸਮਾਧੀ ਕੋਈ
ਅੰਤਰ-ਧਿਆਨ
ਪ੍ਰਕ੍ਰਿਤੀ ਸੰਗ ਸੰਵਾਦ
ਰਚ ਰਿਹਾ ਹੈ
ਅੰਦਰੋਂ ਉੱਠਦੀ ਊਰਜਾ
ਹੋ ਰਹੀ ਇਕੱਤਰ
ਉਸ ਦੇਵੀ ਦੇ ਮੱਥੇ ਅੰਦਰ
ਜਿਉਂ ਕੋਈ ਲਲਾਟ
ਬਲ ਰਿਹਾ ਹੈ
ਖੰਡ-2
1.
ਇਕ ਜੋਤੀ
ਦਿਸਹੱਦੇ ਤੋਂ ਪਾਰ
ਇਕ ਜੋਤੀ
ਦੋ ਜਿਸਮਾਂ ਦੇ
ਅੰਦਰ ਬਾਹਰ
ਇਕ ਜੋਤੀ ਨੂੰ
ਦੂਜੀ ਜੋਤੀ
ਦੇਖ ਰਹੀ ਹੈ
ਇਕ ਦੂਜੇ ਅੰਦਰ
ਆਪਣੇ ਨਕਸ਼
ਢੂੰਡ ਰਹੀ ਹੈ
ਇਕ ਜੋਤੀ ਨੂੰ
ਦੂਜੀ ਜੋਤੀ ਦੀ ਥਾਹ ਹੈ
ਅਗਨ ਦੇ ਅਗਨ ਨਾਲ
ਮਿਲਨ ਦਾ ਰਾਹ ਹੈ
2.
ਮੈਂ 'ਤੂੰ' ਹਾਂ
ਜਾਂ ਤੂੰ 'ਮੈਂ' ਹੈ
ਮੇਰੀ 'ਮੈਂ ' ਚੋਂ
ਤੇਰੀ 'ਮੈਂ ' ਨੂੰ
ਖੋਜ ਰਹੀ ਹਾਂ
ਆਪਣੀ ਉਮਰ ਦੀ ਰੁੱਤ
ਕੱਲੀ ਕਾਰੀ ਭੋਗ ਰਹੀ ਹਾਂ
ਇਸ ਰੁੱਤੇ
ਜੋ ਜੋਬਨ ਚੜ੍ਹਦਾ
ਆਪਣੇ ਸੇਕ 'ਚ
ਆਪੇ ਬਲਦਾ
ਮੈਂ ਵੀ ਆਪਣੇ ਸੇਕ 'ਚ
ਬਲ ਰਹੀ ਹਾਂ
ਇਸ ਰੁੱਤੇ
ਪ੍ਰੇਮ ਦਾ ਦੀਵਾ
ਕਿਸ ਮੇਰੀ ਹਿੱਕ ਅੰਦਰ
ਧਰਿਆ ਹੈ?
ਮੇਰੀ ਕਾਇਆ ਦਾ ਸੂਰਜ
ਕਿਸ ਦੇ ਕੋਠੇ ਚੜ੍ਹਿਆ ਹੈ?
ਮੈਂ ਤਾਂ ਅਗਨ
ਦੇਸ਼ ਤੋਂ ਆਈ
ਅਗਨ-ਕੁੰਡ ਦੀ ਜਾਈ
ਅਗਨ ਮੇਰੇ ਹੱਡੀਂ ਬੈਠੀ
ਮੈਂ ਕੋਈ ਲਾਟ ਪਰਾਈ
ਮੇਰੀ ਲੋਅ ਦਾ ਇਕ ਟੋਟਾ
ਕਿਸ ਦਰ ਜਾ ਕੇ ਧਰਿਆ ਹੈ...?
3.
ਕੌਣ ਪਰਦੇਸੀ
ਬੂਹੇ ਆਇਆ
ਸੁੰਦਰ ਚਿਹਰਾ
ਬੁੱਲ੍ਹੀਂ ਮੰਦ-ਮੰਦ ਮੁਸਕਾਨ
ਕੋਈ ਤਪੀ
ਜਾਂ ਰਿਸ਼ੀ ਜਾਪੇ
ਜਾਂ ਕੋਈ ਝੂਠੀ ਮਾਇਆ...!
ਹੇ ਦੇਵੀ!
ਨਾ ਤਪੀ
ਨਾ ਰਿਸ਼ੀ
ਮੈਂ ਤਾਂ ਤੇਰੀ ਕਾਇਆ
ਇਕ ਜੋਤੀ ਤੇਰੇ ਮੱਥੇ ਜਗਦੀ
ਦੂਜੀ ਮੇਰੀ ਛਾਇਆ
ਆਪਣੇ ਮੱਥੇ ਅੰਦਰ
ਤੇਰੀ ਲੋਅ ਦਾ
ਟੋਟਾ ਸਾਂਭੀ
ਮੈਂ ਦੂਰ ਦੁਮੇਲੋਂ ਆਇਆ....।
4.
ਇਹ ਜੋਤੀ ਮੁੱਢ-ਕਦੀਮੋਂ
ਮੇਰੇ ਮੱਥੇ ਜਗਦੀ
ਮੈਂ ਉਸ ਮੱਥੇ ਦੀ ਭਾਲ 'ਚ
ਕਈ ਦਿਸ਼ਾਵਾਂ ਭਟਕਿਆ
ਪਰਬਤ, ਰੋਹੀਂ, ਜੰਗਲ-ਬੇਲੇ
ਸੂਰਜ, ਚੰਨ, ਤਾਰੇ
ਕੋਨੇ ਕੋਨੇ 'ਚੋਂ ਪਰਤ ਕੇ
ਮੈ ਮੁੜ ਆਪੇ ਕੋਲ ਆਇਆ
ਤਾਰੇ ਆਖਣ-
ਸਾਡੇ ਚਿਹਰੇ
ਹਰ ਪਲ਼ ਜੋਤੀ ਬਲਦੀ ਹੈ
ਚੰਨ ਆਖੇ ਮੇਰੀ ਜੋਤੀ
ਸੂਰਜ ਦੀ ਨਾਭੀ ਚੋਂ ਚਲਦੀ ਹੈ
ਸੂਰਜ ਆਖੇ-
ਮੇਰੀ ਲੋਅ ਦਾ
ਮੈਂ ਆਪੇ ਸਿਰਜਣਹਾਰ
ਗਰਮ ਗੈਸਾਂ ਦਾ ਗੋਲਾ
ਉਮਰ ਕਰੋੜਾਂ ਸਾਲ
ਪਰਬਤ ਚੜ੍ਹਦਾ ਚੜ੍ਹਦਾ
ਗੁਫ਼ਾ 'ਚ ਵੜਿਆ ਆਣ
ਯੋਗੀ ਲਾਈ ਬੈਠਾ ਸਮਾਧੀ
ਮੱਥੇ ਬਲੇ ਲਲਾਟ
ਤਪ ਦੀ ਜੋਤੀ ਮੇਰੇ ਅੰਦਰ
ਮੱਥੇ ਅੰਦਰੋਂ ਫੁੱਟਦੀ ਹੈ
ਇਸ ਦੀ ਨਾ ਕੋਈ
ਦੂਜੀ ਕਾਇਆ
ਨਾ ਕਿਤੇ ਹੋਰ ਜਗਦੀ ਹੈ....
ਰੋਹੀਂ ਤੁਰਿਆ
ਜੰਗਲੀਂ ਭਟਕਿਆ
ਅਗਨੀ ਬਲੇ ਬੇ-ਸ਼ੁਮਾਰ
ਪਰ ਕੌਣ ਮੇਰੀ
ਲੋਅ ਦਾ ਹਾਣੀ
ਮਿਲੇ ਨਾ ਕੋਈ ਸਾਰ..
5.
ਇਕ ਵਾਰ ...
ਮੈਨੂੰ ਮਿਲਿਆ ਕੋਈ
ਜਿਉਂ ਹੋਵੇ ਮੇਰਾ ਹਾਣ
ਚਾਨਣ-ਚਾਨਣ ਮੱਥਾ ਉਸਦਾ
ਰੌਸ਼ਨ ਅੰਦਰ ਬਾਹਰ
ਮੈਨੂੰ ਜਾਪੇ ਮੇਰੇ ਵਰਗਾ
ਉਹਦਾ ਹੀ ਸੰਸਾਰ
ਪਰ ਕਾਲ ਨੇ ਚੱਲਿਆ
ਐਸਾ ਚੱਕਰ
ਵਕਤ ਬੜਾ ਬਲਵਾਨ
ਇਕ ਮੱਥਾ ਮੇਰੇ ਅੱਗੇ ਧਰਕੇ
ਕਹਿੰਦਾ- ' ਇਹ ਤੇਰਾ ਹਾਣ'
ਮੈਂ ਸਾਹਵੇਂ ਮੱਥਾ ਤੱਕਾਂ
ਬਿਰਹੋਂ ਸੇਕ ਹੰਢਾਵਾਂ
ਆਪਣੀਆਂ ਮੈਂ ਸੁੰਨੀਆਂ ਬਾਹਵਾਂ
ਕਿਸ ਸੱਜਣੀਂ ਦੇ ਗਲ਼ ਪਾਵਾਂ...?
6.
ਇਹ ਦੁਨੀਆਂ ਅਗਨ ਵਿਹੂਣੀ
ਮੇਰਾ ਸੇਕ ਨਾ ਜਾਣੇ
ਮੇਰੇ ਮਨ ਦੀ ਮਿੱਟੀ 'ਚੋਂ
ਕੌਣ ਪ੍ਰੇਮ ਨਕਸ਼ ਪਛਾਣੇ
ਮੈਂ ਇਸ ਨਗਰੀ ਤੋਂ ਦੂਰ
ਜਾਵਾਂ ਕਿੱਧਰੇ ਹੋਰ
ਜਿੱਥੇ ਕੋਈ
ਮੇਰੀ ਲੋਅ ਨੂੰ ਜਾਣੇ
ਮਿਲ ਜਾਏ ਰੂਹ ਨੂੰ
ਰੂਹ ਦਾ ਹਾਣ
7.
ਮੈਂ ਇਸ ਸ਼ਬਦਾਂ ਦੀ
ਨਗਰੀ ਤੁਰਿਆ
ਕਾਲੇ ਕਾਲੇ ਬਦਨਾਂ ਅੰਦਰ
ਰੰਗ ਬੇ-ਸ਼ੁਮਾਰ
ਕੁਦਰਤ ਦੇ ਏਨਾ ਨੇੜੇ
ਮੈਂ ਆਇਆ ਪਹਿਲੀ ਵਾਰ
ਮੇਰੀ ਲੋਅ ਨੂੰ
ਲੋਅ ਮਿਲ ਜਾਊ
ਮੈਨੂੰ ਇਹ ਆਸ
ਕਦਮ ਕਦਮ ਮੈਂ
ਤੁਰਦਾ ਗਿਆ
ਲੈ ਕੇ ਇਹ ਧਰਵਾਸ
ਰੌਸ਼ਨ ਰੌਸ਼ਨ ਹੋਇਆ ਆਪਾ
ਬੱਝਿਆ ਇਕ ਵਿਸ਼ਵਾਸ
ਮੇਰੀ ਲੋਅ ਦੇ ਹਾਣੀ ਦਾ
ਸ਼ਬਦਾਂ ਦੀ ਨਗਰੀ ਵਾਸ
ਤੇਰੀ ਲੋਅ ਦੀ ਖਿੱਚ ਐਸੀ
ਮੈਂ ਆ ਪਹੁੰਚਿਆ ਤੇਰੇ ਪਾਸ
8.
' ਮੁਨੀ ' ਮੇਰਾ ਨਾਂ ਸੱਦੀਂਦੇ
ਅੱਖਰਾਂ ਦੇ ਦਰਬਾਨ
ਇਸ ਦੁਨੀਆਂ ਅੰਦਰ
ਮੇਰਾ ਇਹੋ ਨਾਂ ਪ੍ਰਧਾਨ
ਤੂੰ ਦੇਵੀ ਜੋ ਵੀ ਆਖੇਂ
ਮੈ ਹਾਂ ਤੇਰਾ ਹਾਣ
ਤੇਰੀ ਲੋਅ ਦਾ ਹਿੱਸਾ
ਲੈ ਆਇਆਂ ਆਪਣੇ ਨਾਲ
ਹੇ ਮੁਨੀਵਰ!
ਨਾਂ ਦਾ ਕੀ ਹੈ
ਨਾਮ ਨਾ ਕੋਈ ਪਛਾਣ
ਤੇਰੇ ਮੇਰੇ ਮੱਥੇ ਦੀ ਲੋਅ
ਸਾਡੀ ਇਹੋ ਪਹਿਚਾਣ
9.
ਸੁਣ ਸੱਜਣੀਂ!
ਮੈਂ ਆਪਣੀ ਲੋਅ ਖਾਤਰ
ਲਿਆਇਆ ਕੁਝ ਉਪਹਾਰ
ਮੰਨਿਆ ਮੇਰੇ ਦੇਸ
ਨਾ ਇਹੋ ਜਿਹੀ ਬਹਾਰ
ਪਰ ਜੋ ਲਿਆਇਆ
ਤੈਨੂੰ ਅਰਪਿਤ ਕਰਨਾ
ਚਾਹਵਾਂ ਇਕ ਵਾਰ
ਸੱਜਣ!
ਜਿਸ ਲੋਕ ਦੀ ਮੈਂ ਸ਼ਹਿਜ਼ਾਦੀ
ਨਾ ਚਾਹੀਏ ਕੋਈ ਉਪਹਾਰ
ਪ੍ਰੇਮ ਭਾਸ਼ਾ ਇਸ ਦੁਨੀਆਂ ਦਾ
ਸਭ ਤੋਂ ਵੱਡਾ ਉਪਹਾਰ
ਪ੍ਰੇਮ ਤੋਂ ਉੱਪਰ
ਤੂੰ ਕੀ ਲਿਆਇਆਂ
ਇਹ ਸਭ ਝੂਠੀ ਮਾਇਆ
ਮੇਰਾ ਅਗਨ ਦਾ ਇਕ ਹਿੱਸਾ
ਆਪਣੀ ਦੇਹ 'ਚ ਸਾਂਭੀ
ਤੂੰ ਆਇਆਂ ਮੇਰੇ ਕੋਲ
ਇਸ ਤੋਂ ਵੱਧ ਕੁਝ ਨਾ ਬੋਲ
ਸੱਜਣੀਂ!
ਜੋ ਲਿਆਇਆਂ ਆਪਣੇ ਦੇਸੋਂ
ਇਕ ਬਾਰੀ ਤਾਂ ਦੇਖ
ਨਾ ਇਹ ਕੋਈ ਮਾਇਆ
ਨਾ ਕੋਈ ਭਰਮ-ਜਾਲ
ਇਹ ਤਾਂ ਮੇਰੀ ਸੋਚ ਦਾ
ਮਾਤਰ ਇਕ ਖਿਆਲ
ਮੈ ਤਾਂ ਚਿੱਤ 'ਚ
ਤੇਰੀ ਕਾਇਆ ਕਲਪਦਾ
ਜੋ ਵੀ ਮਿਲਦਾ
ਇਸਦੇ ਹਾਣ ਦਾ
ਮੈਂ ਓਹੀ ਲੈਂਦਾ ਸੰਭਾਲ...
ਸੱਜਣੀ!
ਇਹ ਪ੍ਰੇਮ ਦਾ ਕੋਈ ਰੂਪ
ਜਾਂ ਮੇਰੇ ਮਨ ਦਾ ਚਾਅ
ਕੁਝ ਖਿਲੌਣੇ ਲਿਆਇਆਂ
ਆਪਣੀ ਮਿੱਟੀ 'ਚੋਂ ਬਣਾ
ਜਿਉਂ ਜਿਉਂ ਤੈਨੂੰ ਚਿਤਵਿਆ
ਬਣਿਆ ਇਕ ਅਕਾਰ
ਫਿਰ ਇਨ੍ਹਾਂ 'ਚੋਂ ਤੇਰੀ ਸੂਰਤ
ਹੋ ਗਈ ਸਾਕਾਰ
ਕਈ ਵਾਰ ਇਸ ਸੂਰਤ ਨੂ
ਆਪਣੀ ਗੋਦ ਬਿਠਾਉਂਦਾ
ਪ੍ਰੇਮ ਕਰਦਾ, ਚੁੰਮਦਾ ਚੱਟਦਾ
ਤੇ ਚੋਰੀ ਲਾਡ ਲਡਾਉਂਦਾ
ਆਪਣੀ ਕਲਪਨਾ ਦਾ ਇਹ ਸੰਸਾਰ
ਮੇਰੀ ਸੱਜਣੀਂ
ਤੈਨੂੰ ਅਰਪਿਤ ਕਰਨਾ
ਚਾਹਵਾਂ ਇਕ ਵਾਰ
ਸੱਜਣ!
ਜੇ ਇਹ ਤੇਰੀ ਮਿੱਟੀ 'ਚੋਂ
ਉਪਜੀ ਮੇਰੀ ਕਾਇਆ ਹੈ
ਜੇ ਤੂੰ ਆਪਣੇ ਪ੍ਰੇਮ ਸੰਗ
ਇਨ੍ਹਾਂ ਨੂੰ ਸਜਾਇਆ ਹੈ
ਤਾਂ ਆ ਸੱਜਣ!
ਇਹ ਹਥੇਲੀ ਮੇਰੀ ਧਰ ਦੇ
ਆਪਣੀ ਲੋਅ ਸੰਗ
ਇਉਂ ਹੀ ਵਿਚਰੀਏ
ਐਸਾ ਕੋਈ ਵਰ ਦੇ...
10.
ਚੱਲ ਸੱਜਣ!
ਹੁਣ ਅੱਖਰ ਲੋਕ ਦੀ
ਕਰਨ ਪਰਿਕਰਮਾ ਚੱਲੀਏ
ਬੀਤੇ ਯੁੱਗਾਂ ਦੀ ਧਰਤੀ
ਤੈਨੂੰ ਮੈਂ ਲੈ ਜਾਵਾਂ
ਜੇ ਆਖੇਂ ਤਾਂ
ਇਸ ਧਰਤੀ 'ਤੇ
ਨਵਾਂ ਸਵਰਗ ਦਿਖਾਵਾਂ
ਜੋ ਤੂੰ ਚਾਹੇਂ ਮੈਂ ਤੈਨੂੰ
ਵੈਸਾ ਦੇਸ ਦਿਖਾਵਾਂ
ਜੇ ਆਖੇਂ ਤਾਂ ਭਰ ਦੇਵਾਂ
ਪ੍ਰੇਮ ਨਾਲ ਸੁੰਨੀਆਂ ਬਾਹਵਾਂ
ਜੋ ਤੂੰ ਚਾਹਵੇਂ
ਮਿਲ ਜਾਏ ਵੈਸਾ ਹੀ ਸੰਸਾਰ
ਲੋਅ ਦਾ ਲੋਅ ਨਾਲ ਰਿਸ਼ਤਾ
ਨਾ ਹੋਰ ਕੋਈ ਬੰਧਨ-ਵਾਰ
ਅੱਖਰ ਅੱਖਰ
ਨਵੇਂ ਦਰ ਖੁੱਲ੍ਹਣ
ਰੰਗੀਨ ਬੜੀ ਬਹਾਰ
ਝਰਨੇ ਦੇ ਪਾਣੀ ਸੂਹੇ
ਚਾਨਣੀ ਬੇ-ਸ਼ੁਮਾਰ
ਚੰਨ ਦੀ ਪੀਂਘ 'ਤੇ ਬਹਿ ਕੇ
ਪ੍ਰੇਮ ਹੁਲਾਰੇ ਲਈਏ
ਜੰਗਲ-ਜੰਗਲ
ਪਰਬਤ-ਪਰਬਤ
ਹਰ ਥਾਂ ਜਾ ਕੇ ਰਹੀਏ
ਚੱਲ ਸੱਜਣੀਂ!
ਚੱਲੀਏ ਦੂਰ ਦਰੇਸ
ਆਪਣੀ ਲੋਅ ਨੂੰ
ਅਰਪਿਤ ਹੋਈਏ
ਜਾ ਕੇ ਆਪਣੇ ਦੇਸ
ਨਾ ਸੱਜਣ!
ਜਿਸ ਦੇਸੋਂ ਤੂੰ ਆਇਆਂ
ਉੱਥੇ ਲੋਅ ਨੂੰ ਲੋਅ ਨਾ ਦਿੱਸਦੀ
ਰਹਿੰਦੀ ਨਾਲ ਕੋਈ ਛਾਇਆ
ਅਸੀਂ ਇਸ ਅੱਖਰ ਲੋਕ 'ਚ
ਆਪਣੀ ਲੋਅ ਮਿਲਾਈਏ
ਅਗਨ ਨੂੰ ਅਗਨ ਦੇ ਕੇ
ਇਕ ਦੂਜੇ ਨੂੰ ਪ੍ਰਣਾਈਏ...
ਖੰਡ-3
1.
ਸੁਣ ਸੱਜਣੀਂ
ਸ਼ਬਦ ਲੋਕ 'ਚ
ਕੀ ਕੋਈ ਐਸੀ ਥਾਂ
ਚਾਂਦੀ ਰੰਗੇ ਬਿਰਖ਼ ਜਿੱਥੇ
ਹਰੀ ਉਨ੍ਹਾਂ ਦੀ ਛਾਂ....?
ਹਾਂ ਸੱਜਣ!
ਜਿਸ ਦਿਸ਼ਾਵੋਂ ਪੌਣ ਆਉਂਦੀ
ਉੱਧਰ ਨੂੰ ਚੱਲੀਏ ਹੋ
ਮਨ ਸੁਗੰਧੀ ਭਰ ਰਹੀ
ਜਿਉਂ ਫੈਲ ਰਹੀ ਖ਼ੁਸ਼ਬੋ
ਚਾਨਣ ਨ੍ਹਾਤੀਆਂ ਫੁੱਲ ਪੱਤੀਆਂ
ਚਹੁੰ ਪਾਸੀਂ ਰਹੀਆਂ ਆ ਖਲੋ
ਫੁੱਲਾਂ ਦੀ ਨਗਰੀ ਪਹੁੰਚ ਕੇ
ਖੁਦ ਹੋ ਜਾਈਏ ਖੁਸ਼ਬੋ
ਤਨ ਮਹਿਕੇ ਮਨ ਮਹਿਕੇ
ਮਹਿਕ ਅੰਗੀਂ ਰਚ ਜਾਵੇ
ਤੇਰੀ ਮੇਰੀ ਖੁਸ਼ਬੋਈ
ਇਕ ਦੂਜੇ ਵਿਚ ਵਸ ਜਾਵੇ
ਸੋਨੇ ਰੰਗ ਫੁੱਲ ਖਿੜੇ ਨੇ
ਚਾਂਦੀ ਰੰਗੀਆਂ ਪੱਤੀਆਂ 'ਤੇ
ਕੁਦਰਤ ਦਾ ਅਜਬ ਜੋਬਨ
ਮਾਣਿਆ ਸਾਡੀਆਂ ਅੱਖੀਆਂ ਨੇ
ਕੀ ਮੈਂ ਆਖਾਂ ਸੱਜਣੀਂ
ਅੱਜ ਤੀਕ ਕੀ ਬਿਤਾਇਆ ਹੈ
ਕੁਦਰਤ ਦਾ ਇਹ ਅਜਬ ਖਜ਼ਾਨਾ
ਅੱਖਰਾਂ ਕਿਉਂ ਛੁਪਾਇਆ ਹੈ?
ਮੇਰੀ ਦੁਨੀਆਂ ਦੇ ਅੰਦਰ
ਕਿਉਂ ਨਾ ਇਹ ਸਭ ਹੁੰਦਾ
ਇਹ ਦੌਲਤ ਜੇ ਦੇਖ ਲਏ
ਤਾਂ ਬਾਵਰਾ ਹੋ ਜਾਏ ਬੰਦਾ
ਹਾਂ ਸੱਜਣ!
ਇਹ ਸਭ ਦੇਖਣ ਲਈ
ਨੇਤਰ ਤੀਜਾ ਚਾਹੀਦਾ
ਦੋ ਅੱਖਾਂ ਵਾਲੇ ਨੂੰ
ਇਹ ਸਭ ਨਹੀਂ ਦਿਖਾਈਦਾ
ਤੇਰੇ ਕੋਲ ਉਹ ਨੇਤਰ
ਤੇਰੇ ਮੱਥੇ ਲੋਅ
ਲੋਅ ਨਾਲ ਸਭ ਕੁਝ ਦਿੱਸਦਾ
ਬਾਕੀ ਤਾਂ ਖੁਸ਼ਬੋ
2.
ਅੱਖਰ ਲੋਕ ਸੱਜਣੀਂ ਆਖੇ
ਕਈ ਯੁੱਗਾਂ ਦਾ ਵਾਸ
ਹਰ ਯੁੱਗ ਦੀ ਵਿੱਥਿਆ
ਅੱਖਰਾਂ ਦੇ ਪਾਸ
ਚਾਹੇ ਤਾਂ ਇਤਿਹਾਸ ਦੇਖ ਲੈ
ਚਾਹੇ ਦੇਖ ਮਿਥਿਹਾਸ
ਦੁਆਪਰ ਯੁੱਗ
ਅਰਜੁਨ ਯੋਧਾ, ਕ੍ਰਿਸ਼ਨ ਸਾਰਥੀ
ਚੱਲ ਰਿਹਾ ਸੰਵਾਦ
ਕਰਮ ਭੂਮੀ 'ਤੇ ਆ ਕੇ
ਛਿੜ ਪਿਆ ਵਿਵਾਦ
ਅਰਜੁਨ ਆਖੇ-
ਸਾਹਮਣੇ ਖੜ੍ਹੇ ਮੇਰੇ ਆਪਣੇ
ਮੈਂ ਕਿਵੇਂ ਚੁੱਕਾਂ ਹਥਿਆਰ
ਮੈਂ ਆਪਣੇ ਤੀਰਾਂ ਸੰਗ
ਨਹੀਂ ਸਕਦਾ ਇਨ੍ਹਾਂ ਨੂੰ ਮਾਰ
ਕ੍ਰਿਸ਼ਨ ਕਿਹਾ-
ਤੂੰ ਚਿੰਤਨ ਮਾਰਗ ਛੱਡ ਕੇ
ਕਰਮ ਦੇ ਮਾਰਗ ਚੱਲ
ਬੰਧਨ ਮੁਕਤ ਹੋ ਜਾ
ਨਾ ਦੇਖ ਕਰਮਾਂ ਦਾ ਫ਼ਲ
ਤ੍ਰੇਤਾ ਯੁੱਗ
ਮਰਿਆਦਾ ਪ੍ਰਸ਼ੋਤਮ ਰਾਮ
ਕੱਟਣ ਆਇਆ ਬਨਵਾਸ
ਸੀਤਾ ਹਰ ਪਲ਼ ਨਾਲ ਰਹੀ
ਕਿਤੇ ਨਾ ਛੱਡਿਆ ਸਾਥ
ਅਗਨ ਪ੍ਰੀਖਿਆ ਵੀ ਦੇ ਗੁਜ਼ਰੀ
ਭਾਵੇਂ ਦਾਮਨ-ਪਾਕ
ਕੀ ਸੱਜਣੀਂ!
ਇਨ੍ਹਾਂ ਯੁੱਗਾਂ ਦੀ ਧਰਤੀ
ਕੁਝ ਦਿਨ ਚੱਲ ਕੇ ਰਹੀਏ
ਧੋਬੀ ਦਾ ਸੰਸਾ ਕਿਉਂ ਨਾ
ਆਪਣੇ ਮਨ 'ਤੇ ਸਹੀਏ?
ਨਾ ਸੱਜਣ! ਮੈਂ ਨਹੀਂ ਰਹਿਣਾ
ਜਿੱਥੇ ਨਾਰੀ ਨੂੰ ਬਨਵਾਸ
ਦਰੋਪਦੀ ਨੂੰ ਦਾਅ 'ਤੇ ਲਾ ਕੇ
ਕੋਈ ਨਾ ਆਵੇ ਪਾਸ
ਨਾ ਸੱਜਣ! ਮੈਂ ਨਹੀਂ ਦੇਖਣਾ
ਮਾਨਵਤਾ ਦਾ ਘਾਣ
ਕਿਹੜੇ ਯੁੱਗੋਂ ਤੁਰੇ
ਪਹੁੰਚੇ ਕਿੱਥੇ ਆਣ...?
ਚੱਲ ਕੁਦਰਤ ਦੀ ਗੋਦੀ
ਹੱਸੀਏ, ਨੱਚੀਏ, ਗਾਈਏ
ਸ਼ਾਂਤੀ ਮਾਰਗ 'ਤੇ ਤੁਰ ਕੇ
ਪ੍ਰੇਮ ਸੰਦੇਸ਼ ਪਹੁੰਚਾਈਏ
3.
ਅੱਖਰ ਲੋਕ 'ਚ ਕੁਦਰਤ
ਅਜੀਬ ਨਜ਼ਾਰੇ ਦੱਸਦੀ ਹੈ
ਹਰ ਸ਼ੈਅ ਅੰਦਰ ਜਿਉਂ
ਕੋਈ ਵੱਖਰੀ ਜਾਨ ਵੱਸਦੀ ਹੈ
ਚੱਲ ਸੱਜਣ!
ਸੁਨਹਿਰੇ ਪਰਬਤ ਦੀ
ਟੀਸੀ 'ਤੇ ਜਾ ਖਲੋਈਏ
ਸਤਰੰਗੀ ਬਰਫ਼ ਦੀ
ਮੁੱਠੀ ਭਰ ਕੇ
ਇਕ ਦੂਜੇ ਵੱਲ ਹੋਈਏ
ਦੋ ਪੰਛੀ ਪਏ ਕਰਨ ਕਲੋਲਾਂ
ਚੁੰਝਾਂ ਅੰਦਰ ਭਰਕੇ ਚੁੰਝਾਂ
ਸੁੰਦਰ ਪੰਖ ਲਹਿਰਾਉਂਦੇ ਨੇ
ਪ੍ਰੇਮ ਦੇਸ ਤੋਂ ਆਏ ਜਾਪਣ
ਗੀਤ ਪਿਆਰ ਦੇ ਗਾਉਂਦੇ ਨੇ
ਭਰ ਉਡਾਰੀ ਉੱਚੇ ਉੱਡਣ
ਕਦੇ ਡੂੰਘੀ ਤਾਰੀ ਲਾਉਂਦੇ ਨੇ
ਕਰ ਕਲੋਲਾਂ ਸਾਨੂੰ ਦੱਸਣ
ਸਾਡਾ ਮਨ ਭਰਮਾਉਂਦੇ ਨੇ
4.
ਚੰਨ ਦੀਆਂ ਰਿਸ਼ਮਾਂ ਬਣ ਹੀਰੇ ਮੋਤੀ
ਧਰਤੀ ਉੱਪਰ ਆਉਂਦੇ ਨੇ
ਸਖ਼ੀ ਦੇ ਵਾਲਾਂ 'ਚ ਉੱਤਰ ਰਹੇ
ਉਹਨੂੰ ਜਿਉਂ ਸਜਾਉਂਦੇ ਨੇ
ਰਾਤ ਚਾਨਣੀ ਸੱਜਣ ਸੱਜਣੀਂ
ਰੇਤਾ 'ਤੇ ਪੈਰ ਟਿਕਾਉਂਦੇ ਨੇ
ਇਕ ਦੂਜੇ ਦੇ ਚਿਹਰੇ
ਆਪਣੀਆਂ ਪਲਕਾਂ ਵਿਚ ਲੁਕਾਉਂਦੇ ਨੇ
ਆਪਣੇ ਆਪਣੇ ਮਨ ਦੀ ਤ੍ਰੇਹ ਨੂੰ
ਹੋਠਾਂ ਤੀਕ ਲਿਆਉਂਦੇ ਨੇ
5.
ਸੱਜਣ!ਬੁੱਲ੍ਹ ਮੇਰੇ ਜਿਉਂ ਸੁੱਕੇ ਪੱਤੇ
ਤੂੰ ਪਾਣੀ ਮੇਰੇ ਹੋਠੀਂ ਲਾ
ਦੂਰ ਵਗੇਂਦਾ ਚਸ਼ਮਾ
ਸੂਹਾ ਪਾਣੀ ਭਰ ਬੁੱਕ ਲਿਆ
ਮੇਰੇ ਮਨ ਦੀ ਤ੍ਰਿਸ਼ਨਾ ਐਸੀ
ਮੇਰਾ ਅੰਦਰ ਜਲ ਰਿਹਾ
ਇਸ ਅਗਨ ਨੂੰ ਹੁਣ ਤੀਕ
ਨਾ ਸਕਿਆ ਕੋਈ ਬੁਝਾ
ਲੈ ਸੱਜਣੀਂ ਆਪਣੇ ਹੱਥੀਂ
ਤੈਨੂੰ ਪਾਣੀ ਦਿਆਂ ਪਿਲਾ
ਬੂੰਦ ਬੂੰਦ ਤੇਰੇ ਹੋਠੀਂ ਲਾ ਕੇ
ਦੇਵਾਂ ਪਿਆਸ ਬੁਝਾ
ਆ ਸੱਜਣੀਂ ਮੈਂ ਤੈਨੂੰ
ਆਪਣੇ ਸੀਨੇ ਲਵਾਂ ਲਾ
ਆਪਣੇ ਅੰਦਰਲੀ ਲੋਅ ਨੂੰ
ਤੇਰੇ ਤੀਕ ਦਿਆਂ ਪਹੁੰਚਾ
6.
ਕਿਸ ਸੰਗੀਤ ਮੇਰੇ ਕੰਨੀ ਧਰਿਆ
ਕੌਣ ਬਾਂਸੁਰੀ ਰਿਹਾ ਵਜਾ
ਚੰਨ ਦੇ ਝੂਲੇ ਕੋਲ
ਕੌਣ ਖਲੋਇਆ ਆ....?
ਸੱਜਣੀਂ!
ਇਹ ਤਾਂ ਤੇਰੀ ਲੋਅ ਹੈ
ਇਹ ਤਾਂ ਤੇਰੀ ਕਾਇਆ
ਤੇਰੀ ਹਿੱਕ ਅੰਦਰ ਜੋ ਗੀਤ
ਉਹੀ ਮੈਂ ਵਜਾਇਆ
ਸੱਜਣ!
ਤੂੰ ਬਾਂਸੁਰੀ ਨਹੀਂ
ਮੇਰੀ ਕਾਇਆ ਹੋਠੀਂ ਲਾ
ਇਕ ਸੁਰ ਕਰਕੇ ਮੈਨੂੰ
ਤੂੰ ਬਾਂਸੁਰੀ ਵਾਂਗ ਵਜਾ.....
7.
ਸੱਜਣੀਂ!
ਤੇਰੇ ਹੋਂਠ ਜਿਉਂ
ਸ਼ਹਿਦ ਦਾ ਛੰਨਾ ਭਰਿਆ
ਜਿਸਮ ਤੇਰਾ ਬਣਿਆ ਮਿਰਦੰਗ
ਜਿਉਂ ਮੈਂ ਹੱਥ ਧਰਿਆ
ਤੂੰ ਕੋਈ ਮੁਦਰਾ
ਤੂੰ ਕੋਈ ਮੂਰਤ ਸਾਕਾਰ
ਜਿਸਨੇ ਤੈਨੂੰ ਹੱਥੀਂ ਘੜਿਆ
ਦਿੱਤਾ ਖ਼ੂਰ ਆਕਾਰ
ਤੇਰੇ ਅੰਦਰਲੀ ਤ੍ਰਿਸ਼ਨਾ 'ਚ
ਜਿਉਂ ਸਮਾਏ ਕਈ ਮਾਰੂਥਲ
ਸੱਤ ਸਮੁੰਦਰ ਪੀ ਕੇ ਵੀ
ਪਿਆਸ ਬੁਝਾਏ ਨਾ ਜਲ
ਤੇਰੇ ਅੰਦਰ ਜੋ ਅਗਨ
ਉਹ ਮੇਰੇ ਅੰਦਰ ਵੀ ਧਰੀ ਹੈ
ਇਕ ਲੋਅ ਦਾ ਇਹੋ ਰਿਸ਼ਤਾ
ਆਈ ਮਿਲਨ ਘੜੀ ਹੈ
8.
DISHHADEYAN TON PARR
ਕੁਝ ਕੁ ਨਜ਼ਮਾਂ
ਮੈਂ ਤੇ ਸਾਹਿਲ 'ਤੇ ਖੜ੍ਹਾ ਮਲਾਹ
ਜਦ ਮੈਂ ਆਪਣੇ ਅੰਦਰ ਦਾ
ਤੂਫ਼ਾਨ ਠੱਲ੍ਹਣਾ ਚਾਹਿਆ
ਤਾਂ ਮੇਰੇ ਕਦਮ
ਖ਼ੁਦ-ਬ-ਖ਼ੁਦ
ਸਮੁੰਦਰ ਵੱਲ ਹੋ ਤੁਰੇ
ਸਾਹਿਲ 'ਤੇ ਖੜ੍ਹਾ ਮਲਾਹ
ਬੇੜੀ ਠੇਲ੍ਹਦਿਆਂ ਹੀ
ਚੱਪੂ ਚਲਾਉਂਦਿਆਂ ਅਚਾਨਕ
ਮੇਰੀਆਂ ਨਜ਼ਮਾਂ 'ਚੋ
ਤਲਾਸ਼ਣ ਲੱਗ ਪਿਆ
ਆਪਣੇ ਹਾਣ ਦੇ ਸੁਪਨੇ...
ਖ਼ਬਰੇ ਉਹਨੂੰ ਕਿਵੇਂ
ਪਤਾ ਲੱਗ ਗਿਆ ਕਿ ਇਹ (ਸੁਪਨੇ)
ਆਪਣੀਆਂ ਪਲਕਾਂ ਚ ਸਾਂਭ ਕੇ
ਲਿਆਈ ਹਾਂ ਸਿਰਫ਼ ਉਸੇ ਲਈ
ਫਿਰ ਹਰ ਬਾਤ ਅਣਸੁਣੀ, ਅਣਕਹੀ
ਬਿਨਾਂ ਬੋਲਿਆਂ ਹੀ
ਸਾਡੇ ਧੁਰ ਅੰਦਰ ਲੱਥ ਗਈ
ਤੇ ਅਸੀਂ
ਇਕ ਦੂਜੇ ਦੀਆਂ ਨਜ਼ਰਾਂ 'ਚੋਂ
ਆਪਣੇ ਆਪਣੇ ਹਿੱਸੇ ਦੇ
ਮੋਤੀ ਲੱਭਦੇ ਰਹੇ...
..................
ਇਕ ਬੇੜੀ ਚ ਸਵਾਰ
ਪੂਰੀ ਉਮਰ ਅਸੀਂ
ਕਿਨਾਰੇ ਦੀ ਤਲਾਸ਼ 'ਚ...ਭਟਕਦੇ ਰਹੇ।
ਮੁੱਦਤ ਦੇ ਬਾਅਦ
ਇਕ ਮੁੱਦਤ ਦੇ ਬਾਅਦ
ਜਦ ਆਵੋਗੇ ਤੁਸੀਂ
ਤਾਂ ਮੇਰੇ ਇੰਤਜ਼ਾਰ ਦਾ ਰੰਗ
ਚਾਂਦੀ ਬਣ
ਮੇਰੇ ਵਾਲਾਂ ਚ ਭਰ ਚੁੱਕਾ ਹੋਵੇਗਾ
ਮੈਂ ਖੋਲ੍ਹਾਂਗੀ ਦਰਵਾਜ਼ਾ
ਆਪਣੀਆਂ ਅੱਖਾਂ 'ਤੇ ਲੱਗੀ
ਐਨਕ ਨੂੰ ਠੀਕ ਕਰਦਿਆਂ
ਝਾਕਾਂਗੀ ਮੋਟੇ ਸ਼ੀਸ਼ਿਆਂ ਵਿਚੋਂ
ਤਾਂ ਕਿਰ ਜਾਣਗੇ
ਪੂਰੇ ਦੇ ਪੂਰੇ ਵਰ੍ਹੇ ਅੱਖਾਂ ਥਾਣੀਂ
ਮੇਰੇ ਝੁਰੜੀਆਂ ਭਰੇ ਚਿਹਰੇ 'ਤੇ
ਤੇਰੀ ਛੋਹ
ਯਾਦਾਂ ਦੇ ਸਮੁੰਦਰ ਦੀਆਂ
ਉਨ੍ਹਾਂ ਗਹਿਰਾਈਆਂ ਚਲੈ ਜਾਏਗੀ ਸਾਨੂੰ
ਜਿੱਥੇ ਉਮਰਾਂ ਦੇ ਵਰ੍ਹੇ ਤੇ ਤਾਰੀਖ਼ਾਂ
ਬਦਲਣ ਤੋਂ ਸਿਵਾਏ
ਹੋਰ ਕੁਝ ਨਹੀਂ ਬਦਲਿਆ ਹੋਵੇਗਾ
ਤਦ ਵੀ ਅਸੀਂ
ਆਪਣੇ ਅੰਤਰੀਵ ਤੋਂ
ਇਕ ਦੂਜੇ ਦੇ ਓਨਾਂ ਹੀ ਨੇੜੇ ਹੋਵਾਂਗੇ
ਜਿੰਨਾ ਕਿ
ਵਿਛੜਨ ਲੱਗਿਆਂ
ਇਕ ਮੁੱਦਤ ਪਹਿਲਾਂ ਸੀ....।
ਇਕ ਦਿਨ ਮੈਂ
ਲਿਖਦਿਆਂ ਲਿਖਦਿਆਂ
ਪੁੱਛਿਆ ਨਜ਼ਮ ਨੂੰ
"ਕਿਉਂ ਨਹੀਂ ਤੂੰ
ਚੇਤਿਆਂ 'ਚੋਂ
ਵਿਸਾਰ ਦਿੰਦੀ ਉਸ ਨੂੰ..."
ਤਾਂ ਨਜ਼ਮ ਦੇ ਹੋਂਠ ਕੰਬੇ
ਜਜ਼ਬਾਤ ਪਿਘਲੇ
ਅੱਖਾਂ ਛਲਕੀਆਂ
ਉਮਰਾਂ ਦੇ ਵਰ੍ਹੇ
ਵਾਵਰੋਲਿਆਂ ਵਾਂਗ ਉੱਡੇ
ਮਨ ਦਾ
ਰੇਗਿਸਤਾਨ ਤਪਿਆ
ਪੈਰਾਂ ਹੇਠੋਂ
ਜ਼ਮੀਨ ਖਿਸਕੀ
ਤੇ ਨਜ਼ਮ ਦੀਆਂ
ਸਵਾਲੀਆ ਨਜ਼ਰਾਂ 'ਚੋਂ
ਜਵਾਬ ਮਿਲਿਆ-
"ਕੀ
ਤੂੰ
ਚੇਤਿਆਂ 'ਚੋਂ
ਵਿਸਾਰ ਦਿੱਤਾ ਏ ਉਸਨੂੰ...?"
ਤਾਂ ਮੈਂ...
.............
ਨਿਰ-ਉੱਤਰ ਹੋ ਗਈ...।
ਨਦੀ ਤੇ ਸਮੁੰਦਰ
ਬੜਾ ਔਖਾ ਹੈ
ਕਿਸੇ ਪਿਆਰ 'ਚ ਵਹਿੰਦੀ
ਨਦੀ ਨੂੰ ਆਖਣਾ
ਕਿ ਹੁਣ
ਤੂੰ ਆਪਣਾ ਵਹਾਅ
ਮੋੜ ਲੈ ਕਿਸੇ ਪਾਸੇ ਹੋਰ
ਉਹ ਸਮੁੰਦਰ
ਜਿਸ 'ਚ ਜਾ ਤੂੰ
ਰਲਣਾ ਸੀ ਇਕ ਦਿਨ
ਉਹ ਤਾਂ
ਕਦੋਂ ਦਾ ਸੁੱਕ ਗਿਆ...
.............................
ਹੁਣ ਤਾਂ ਰਹਿ ਗਿਆ ਉੱਥੇ
ਸਿਰਫ਼ ਇਕ ਮਾਰੂਥਲ
ਤੇ ਬੜਾ ਔਖਾ ਹੈ
ਤਪਦੇ ਥਲਾਂ 'ਚ
ਨੰਗੇ ਪੈਰੀਂ
ਮ੍ਰਿਗਤ੍ਰਿਸ਼ਨਾ ਸਹਾਰੇ
ਤ੍ਰਿਹਾਈਆਂ ਨਜ਼ਰਾਂ ਨਾਲ
ਸਦੀਆਂ ਲੰਬੀ ਵਾਟ ਤੁਰਨਾ
ਤੇ ਤੁਰਦਿਆਂ ਤੁਰਦਿਆਂ
ਮੋਈਆਂ ਸੱਧਰਾਂ ਉੱਪਰ
ਤਾਜ਼ੀਆਂ, ਜੀਵਨ ਭਰਪੂਰ
ਹਰੇ ਸਮੁੰਦਰ ਵਰਗੀਆਂ
ਲਰਜ਼ਦੀਆਂ ਨਜ਼ਮਾਂ ਲਿਖਣਾ
.............................
ਸੱਚਮੁੱਚ ਬੜਾ ਔਖਾ ਹੈ
ਦਿਸਹੱਦਿਆਂ ਤੋਂ ਪਾਰ
ਜੇ ਤੁਸਾਂ
ਚਲੇ ਹੀ ਜਾਣਾ ਸੀ
ਕੁਝ ਕੁ ਕਦਮਾਂ ਦੇ
ਬਣ ਹਮਸਫ਼ਰ
ਤਾਂ ਮੇਰੇ ਮਨ ਦੀਆਂ
ਹਨੇਰੀਆਂ ਕੰਦਰਾਂ 'ਚ
ਰਿਸ਼ਮਾਂ ਬਣ ਕਿਉਂ
ਆਉਂਦੇ ਰਹੇ ਵੰਡਣ
ਮੋਹ ਦਾ ਚਾਨਣ?
ਤੇ ਮੇਰੇ ਸੁਪਨਿਆਂ ਅੰਦਰ
"ਦਿਸਹੱਦਿਆਂ ਤੋਂ ਪਾਰ
ਮੁਹੱਬਤ ਦੇ ਅੰਬਰੋਂ
ਤੋੜ ਕੇ ਸਿਤਾਰੇ
ਝੋਲੀ ਮੇਰੀ ਪਾ
ਇਕ ਧਰਤੀ ਦੇ
ਆਦਿ ਤੋਂ....
ਦੂਜੀ ਧਰਤੀ ਦੇ
....ਅੰਤ ਤੀਕ
ਕਿਉਂ ਕਰਦੇ ਰਹੇ ਪਰਿਕਰਮਾ?"
ਜੇ ਤੁਸਾਂ
ਚਲੇ ਹੀ ਜਾਣਾ ਸੀ ਤਾਂ....?
ਇਕ ਦੂਜੇ ਦੇ ਸਨਮੁੱਖ
ਪ੍ਰੇਮ ਸਾਗਰ ਦਾ
ਹਰ ਕਤਰਾ
ਭਰ ਆਪਣੇ ਦਿਲ ਅੰਦਰ
ਜਦ ਵੀ ਮੈਂ
ਆ ਖਲੋਈ ਤੁਹਾਡੇ ਸਨਮੁੱਖ
ਤੇ ਕਰਨਾ ਚਾਹਿਆ
ਪੂਰੇ ਦਾ ਪੂਰਾ
ਸਾਗਰ ਅਰਪਿਤ
ਤਾਂ ਤੁਸੀਂ ਨਿਰਮੋਹੀ ਹੋ
ਅਭਿੱਜ ਹਿਰਦੇ ਸੰਗ
ਗਹਿਰਾਈਆਂ ਤੋਂ
ਉਚਾਣਾਂ ਦੀਆਂ ਟੀਸੀਆਂ
ਵੱਲ ਹੋ ਤੁਰੇ...
ਤੇ ਜਦ ਮੈਂ
ਕਰਨਾ ਚਾਹਿਆ
ਪ੍ਰੇਮ ਬੰਧਨ ਤੋਂ
ਤੁਹਾਨੂੰ ਮੁਕਤ
ਤਾਂ ਤੁਸੀਂ ਉਚਾਣਾਂ ਦੀਆਂ
ਟੀਸੀਆਂ ਤੋਂ
ਆਪਣੇ ਮਨ ਦੀਆਂ
ਗਹਿਰਾਈਆਂ ਤੱਕ
ਪੂਰੇ ਦੇ ਪੂਰੇ
ਮੋਹੀ ਬੋਲਾਂ 'ਚ ਭਿੱਜੇ
ਆ ਖਲੋਏ ਮੇਰੇ ਸਨਮੁੱਖ
ਤੇ ਮੈਂ
ਅੱਜ ਤਾਈਂ ਨਹੀਂ
ਸਮਝ ਸਕੀ
ਕਿ ਸਾਡੇ ਵਿਚ
ਹੈ ਕੇਹਾ ਇਹ ਰਿਸ਼ਤਾ
ਤੇ ਕੇਹੀ ਇਹ ਵਿਡੰਬਨਾ....?
ਪਿਆਰ
ਜਦ ਵੀ ਉਹ
ਆਪਣੇ ਦਿਲ ਦੇ
ਤਾਨਪੁਰੇ 'ਤੇ
ਛੇੜਦੀ ਹੈ
ਮੁਹੱਬਤ ਦੀਆਂ ਤਾਰਾਂ
ਤੇ ਅਲਾਪਦੀ ਹੈ
ਕੋਈ ਪ੍ਰੇਮ ਗੀਤ
ਤਾਂ ਉਸਦਾ ਪ੍ਰੀਤਮ
ਅਛੋਪਲੇ ਜਿਹੇ
ਉਸਦਾ ਹੱਥ ਫੜ ਆਖਦਾ ਹੈ-
"ਤਾਨਪੁਰਾ ਰੂਹ ਦੀ ਖ਼ੁਰਾਕ ਹੈ
ਢਿੱਡ ਦੀ ਨਹੀਂ..."
ਤਾਂ ਉਹ
ਉਸਦੀ ਭੁੱਖ ਸ਼ਾਂਤ ਕਰਨ ਲਈ
ਰੱਖਦੀ ਹੈ ਗਿਰਵੀ
ਆਪਣਾ ਗਰਭ
ਤੇ ਦਿੰਦੀ ਹੈ
ਰੋਟੀ ਨੂੰ ਜਨਮ
......................
ਉਸਦਾ ਮਹਿਬੂਬ
ਆਪਣੀਆਂ ਸੋਚਾਂ 'ਚ
ਭਰਦਾ ਹੈ ਸਵਾਲ
"ਕਿਹੋ ਜਿਹੀ ਹੈ
ਇਹ ਔਰਤ
ਜੋ ਸਾਲਾਂ ਤੋਂ
ਭੁੱਖੀ ਪਿਆਸੀ
ਹਰ ਰੋਜ਼ ਅਲਾਪਦੀ ਹੈ
ਪ੍ਰੇਮ ਗੀਤ
ਕੀ ਇਹਨੂੰ
ਭੁੱਖ ਨਹੀਂ ਲੱਗਦੀ...?"
ਕੁੜੀ ਤੇ ਅਗਨ
ਤੇਰੇ ਹੱਥਾਂ 'ਚ
ਰੁਸ਼ਨਾਉਂਦੇ ਤਾਰੇ ਵੇਖ
ਉਸ ਕੁੜੀ ਨੇ
ਆਪਣੀ ਬੁੱਕਲ ਵਿਚਲੀ ਬਰਫ਼ ਨੂੰ
ਭਖਦਾ ਸੂਰਜ ਬਣਾ ਲਿਆ
ਉਹ ਨਹੀਂ ਲੈਂਦੀ ਸੁਪਨੇ
ਠੰਢੀਆਂ ਛਾਵਾਂ ਦੇ
ਸ਼ੀਤ ਹਵਾਵਾਂ ਦੇ
ਨਾ ਹੀ ਚਾਹੁੰਦੀ ਉਹ
ਸਾਉਣ ਮਹੀਨੇ
ਬਣ ਮੋਰਨੀ ਨੱਚਣਾ
ਤੇ ਕੋਇਲ ਵਾਂਗ ਕੂਕਣਾ
ਉਹ ਤਾਂ ਚਾਹੁੰਦੀ ਹੈ
ਤਪਦੇ ਥਲਾਂ ਦੀ ਵਾਟ ਤੁਰਨਾ
ਤੇ ਮਚਦੇ ਅੰਗਿਆਰਾਂ ਨੂੰ
ਮੁੱਠੀਆਂ 'ਚ ਭਰਨਾ
...........................
ਖ਼ਬਰੇ ਅਗਨ ਨਾਲ ਕਿਉਂ
ਏਨਾ ਮੋਹ ਹੈ ਉਸਨੂੰ...?
ਪੈਰ
ਅਕਸਰ ਲੋਕ
ਮੰਗਦੇ ਨੇ ਦੁਆ
ਕਿ ਸ਼ੁਕਰ ਹੈ
ਪੈਰ ਤਾਂ ਸਲਾਮਤ ਨੇ
ਔਖੇ ਪੰਧ ਕੱਟਣ ਲਈ
ਪਰ ਮੈਂ
ਕਦੇ ਨਹੀਂ ਮੰਗੀ
ਪੈਰਾਂ ਦੀ ਖ਼ੈਰ
ਕੀ ਕਰੋਗੇ ਪੈਰਾਂ ਦਾ?
ਜੇ ਪੰਧ ਹੀ ਮੁੱਕ ਗਏ
ਵਾਟਾਂ ਹੀ ਰੁੱਸ ਗਈਆਂ
ਸਫ਼ਰ ਹੀ
ਦਿਸ਼ਾਹੀਣ ਹੋ ਗਏ
ਮੰਜ਼ਿਲ ਹੀ ਨਾ ਰਹੀ
.......................
.....................
....................
ਮੈਂ ਮੰਗਦੀ ਹਾਂ ਸਲਾਮਤੀ
ਸੋਚਾਂ ਦੀ
ਵਿਚਾਰਾਂ ਦੀ
ਕਲਮਾਂ ਦੀ
ਕਿ ਸ਼ੁਕਰ ਹੈ
ਕੁਝ ਤਾਂ ਹੈ
ਭਟਕੇ ਇਨਸਾਨਾਂ ਨੂੰ
ਰਸਤਾ ਦਿਖਾਉਣ ਲਈ...।